ਟਰੰਪ ਨੇ ਰੂਸ ਖਿਲਾਫ ਸਾਈਬਰ ਆਪ੍ਰੇਸ਼ਨ ਰੋਕੇ
Tuesday, Mar 04, 2025 - 12:24 PM (IST)

ਵਾਸ਼ਿੰਗਟਨ (ਇੰਟ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਰੂਸ ਖਿਲਾਫ ਸਾਈਬਰ ਆਪ੍ਰੇਸ਼ਨ ’ਤੇ ਰੋਕ ਲਾ ਦਿੱਤੀ ਹੈ। ਰੱਖਿਆ ਮੰਤਰੀ ਪੀਟ ਹੇਗਸੇਥ ਨੇ ਇਸ ਲਈ ਅਮਰੀਕੀ ਸਾਈਬਰ ਕਮਾਂਡ ਨੂੰ ਹੁਕਮ ਦਿੱਤੇ ਹਨ। ਪੈਂਟਾਗਨ ਨਾਲ ਜੁੜੇ ਇਕ ਖੁਫੀਆ ਅਧਿਕਾਰੀ ਅਨੁਸਾਰ ਇਹ ਹੁਕਮ ਟਰੰਪ ਤੇ ਜ਼ੇਲੈਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਹੀ ਦੇ ਦਿੱਤੇ ਗਏ ਸਨ। ਇਸ ਦਾ ਉਦੇਸ਼ ਯੂਕ੍ਰੇਨ ਜੰਗ ਨੂੰ ਖਤਮ ਕਰਨ ਲਈ ਰੂਸ ਨੂੰ ਗੱਲਬਾਤ ’ਚ ਸ਼ਾਮਲ ਕਰਨਾ ਸੀ।
ਪੋਰਟਾਂ ਅਨੁਸਾਰ ਟਰੰਪ ਪ੍ਰਸ਼ਾਸਨ ਰੂਸ ਖਿਲਾਫ ਕੀਤੀਆਂ ਜਾਣ ਵਾਲੀਆਂ ਸਾਰੀਆਂ ਕਾਰਵਾਈਆਂ ਦੀ ਸਮੀਖਿਆ ਕਰ ਰਿਹਾ ਹੈ। ਹਾਲਾਂਕਿ ਇਸ ਬਾਰੇ ਜਨਤਕ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਐਤਵਾਰ ਨੂੰ ਕਿਹਾ ਕਿ ਯੂਕ੍ਰੇਨ ਦੇ ਮੁੱਦੇ ’ਤੇ ਰੂਸ ਨੂੰ ਗੱਲਬਾਤ ਲਈ ਟੇਬਲ ’ਤੇ ਲਿਆਉਣਾ ਜ਼ਰੂਰੀ ਹੈ। ਜੇ ਪੁਤਿਨ ਪ੍ਰਤੀ ਵਿਰੋਧੀ ਰਵੱਈਆ ਅਪਣਾਇਆ ਜਾਂਦਾ ਹੈ ਤਾਂ ਉਸ ਨੂੰ ਗੱਲਬਾਤ ਲਈ ਟੇਬਲ ’ਤੇ ਨਹੀਂ ਲਿਆਂਦਾ ਜਾ ਸਕੇਗਾ।