ਸਿਆਸਤ ਦੇ ਨਾਲ-ਨਾਲ ਟਰੰਪ ਨੇ ਕਮਾਏ 5,000 ਕਰੋੜ ਰੁਪਏ, ਕ੍ਰਿਪਟੋ ਤੋਂ ਹੋਈ ਜ਼ਿਆਦਾ ਆਮਦਨ
Sunday, Jun 15, 2025 - 03:49 AM (IST)

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿਆਸਤ ਦੇ ਨਾਲ-ਨਾਲ ਕਾਰੋਬਾਰ ਵੀ ਖੂਬ ਵਧ-ਫੁਲ ਰਿਹਾ ਹੈ। ਉਨ੍ਹਾਂ ਦੀ ਕਮਾਈ ਹੁਣ ਅਮਰੀਕਾ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣੇ ਜਿਹੇ ਜਨਤਕ ਕੀਤੀ ਗਈ ਇਸ ਫਾਇਨਾਂਸ਼ੀਅਲ ਡਿਸਕਲੋਜ਼ਰ ਰਿਪੋਰਟ ਅਨੁਸਾਰ ਟਰੰਪ ਨੇ ਸਾਲ 2024 ਦੌਰਾਨ ਕ੍ਰਿਪਟੋਕਰੰਸੀ, ਰੀਅਲ ਅਸਟੇਟ, ਗੋਲਫ ਕਲੱਬਾਂ, ਬ੍ਰਾਂਡਿਡ ਉਤਪਾਦਾਂ ਅਤੇ ਕੌਮਾਂਤਰੀ ਸੌਦਿਆਂ ਰਾਹੀਂ 600 ਮਿਲੀਅਨ ਡਾਲਰ (ਲੱਗਭਗ 5,000 ਕਰੋੜ ਰੁਪਏ) ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਰਿਪੋਰਟ ਵਿਚ ਉਨ੍ਹਾਂ ਕੋਲ ਘੱਟੋ-ਘੱਟ 1.6 ਅਰਬ ਡਾਲਰ ਦੀ ਜਾਇਦਾਦ ਹੋਣ ਦੀ ਗੱਲ ਕਹੀ ਗਈ ਹੈ। ਹਾਲਾਂਕਿ ਇਹ ਘੱਟੋ-ਘੱਟ ਅਨੁਮਾਨ ਹੈ ਕਿਉਂਕਿ ਜ਼ਿਆਦਾਤਰ ਅੰਕੜਿਆਂ ਲਈ ਘੱਟੋ-ਘੱਟ ਗਿਣਤੀ ਨੂੰ ਹੀ ਅਨੁਮਾਨ ਵਿਚ ਸ਼ਾਮਲ ਕੀਤਾ ਗਿਆ ਹੈ।
ਇਕੱਲੇ ‘ਟਰੰਪ ਡਾਕਮਾਏ 320 ਮਿਲੀਅਨ ਡਾਲਰ
ਡੀ. ਡਬਲਯੂ. ਪੋਰਟਲ ਨੇ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਦੀ ਕਾਰੋਬਾਰੀ ਕਮਾਈ ਵਿਚ ਸਭ ਤੋਂ ਨਵਾਂ ਤੇ ਤੇਜ਼ੀ ਨਾਲ ਵਧਦਾ ਹੋਇਆ ਸਰੋਤ ਕ੍ਰਿਪਟੋ ਵਿਖਾਇਆ ਗਿਆ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਰਲਡ ਲਿਬਰਟੀ ਫਾਇਨਾਂਸ਼ੀਅਲ ਨਾਂ ਦੀ ਇਕ ਡੀਸੈਂਟਰਲਾਈਜ਼ਡ ਫਾਇਨਾਂਸ ਕੰਪਨੀ ਤੋਂ ਉਨ੍ਹਾਂ ਨੂੰ 57.35 ਮਿਲੀਅਨ ਡਾਲਰ ਦੀ ਆਮਦਨ ਟੋਕਨ ਵਿਕਰੀ ਰਾਹੀਂ ਹੋਈ। ਇਸ ਦੇ ਨਾਲ ਹੀ ਉਨ੍ਹਾਂ ਕੋਲ ਕੰਪਨੀ ਵਿਚ 15.75 ਅਰਬ ਗਵਰਨੈਂਸ ਟੋਕਨ ਵੀ ਹਨ।
ਇਸ ਤੋਂ ਇਲਾਵਾ ਇਸ ਸਾਲ ਦੇ ਸ਼ੁਰੂ ਵਿਚ ਟਰੰਪ ਵੱਲੋਂ ਲਾਂਚ ਕੀਤਾ ਗਿਆ ਇਕ ਮੀਮ ਕੁਆਇਨ ‘ਟਰੰਪ ਡਾਲਰ’ ਇਕੱਲਾ ਹੀ 320 ਮਿਲੀਅਨ ਡਾਲਰ ਦੀ ਕਮਾਈ ਕਰ ਚੁੱਕਾ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਸ ਵਿਚ ਟਰੰਪ ਦੀ ਹਿੱਸੇਦਾਰੀ ਕਿੰਨੀ ਹੈ ਜਾਂ ਇਹ ਮਾਲੀਆ ਟਰੰਪ ਦੇ ਕੰਟਰੋਲ ਵਾਲੀਆਂ ਸੰਸਥਾਵਾਂ ਤੇ ਭਾਈਵਾਲਾਂ ਵਿਚਾਲੇ ਕਿਵੇਂ ਵੰਡਿਆ ਗਿਆ ਹੈ। ਖਬਰ ਏਜੰਸੀ ‘ਰਾਇਟਰਜ਼’ ਨੇ ਇਕ ਵਿਸ਼ਲੇਸ਼ਣ ਤੋਂ ਬਾਅਦ ਲਿਖਿਆ ਹੈ ਕਿ ਇਹ ਸਪਸ਼ਟ ਹੈ ਕਿ ਡਿਜੀਟਲ ਜਾਇਦਾਦਾਂ ਦੀ ਦੁਨੀਆ ਵਿਚ ਟਰੰਪ ਪਰਿਵਾਰ ਨੇ ਅਚਾਨਕ ਵੱਡੀ ਛਾਲ ਮਾਰੀ ਹੈ।
ਪ੍ਰਸ਼ਾਸਨ ਦੀਆਂ ਨੀਤੀਆਂ ਤੋਂ ਮਿਲਿਆ ਫਾਇਦਾ
ਆਬਜ਼ਰਵਰਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਕ੍ਰਿਪਟੋ ’ਤੇ ਅਪਣਾਈਆਂ ਗਈਆਂ ਨੀਤੀਆਂ ਉਨ੍ਹਾਂ ਕਾਰੋਬਾਰਾਂ ਲਈ ਫਾਇਦੇਮੰਦ ਸਾਬਤ ਹੋਈਆਂ ਹਨ, ਜਿਨ੍ਹਾਂ ਨਾਲ ਟਰੰਪ ਜਾਂ ਉਨ੍ਹਾਂ ਦੇ ਪਰਿਵਾਰ ਦਾ ਸਬੰਧ ਹੈ। ਇਸ ਕਾਰਨ ਇਕ ਵਾਰ ਫਿਰ ਰਾਸ਼ਟਰਪਤੀ ਦੀਆਂ ਨਿੱਜੀ ਜਾਇਦਾਦਾਂ ਅਤੇ ਸਰਕਾਰੀ ਨੀਤੀ ਨਿਰਧਾਰਣ ਵਿਚਾਲੇ ਹਿੱਤਾਂ ਦੇ ਟਕਰਾਅ ਦੇ ਦੋਸ਼ ਉਭਰ ਕੇ ਸਾਹਮਣੇ ਆਏ ਹਨ।
ਟਰੰਪ ਦੇ ਵਿੱਤੀ ਸਾਮਰਾਜ ਦੀ ਨੀਂਹ ਅੱਜ ਵੀ ਰੀਅਲ ਅਸਟੇਟ ਤੇ ਗੋਲਫ ਰਿਜ਼ੋਰਟਸ ਹਨ। ਰਿਪੋਰਟ ਅਨੁਸਾਰ ਫਲੋਰੀਡਾ ਵਿਚ ਸਥਿਤ ਉਨ੍ਹਾਂ ਦੇ 3 ਪ੍ਰਮੁੱਖ ਗੋਲਫ ਰਿਜ਼ੋਰਟਾਂ ਜੁਪਿਟਰ, ਡੋਰਲ ਤੇ ਵੈਸਟ ਪਾਮ ਬੀਚ ਅਤੇ ਨਿੱਜੀ ਕਲੱਬ ਮਾਰ-ਆ-ਲਾਗੋ ਨੇ ਮਿਲ ਕੇ 217.7 ਮਿਲੀਅਨ ਡਾਲਰ ਤੋਂ ਵੱਧ ਦੀ ਆਮਦਨ ਦਿੱਤੀ ਹੈ। ਇਕੱਲੇ ਟਰੰਪ ਨੈਸ਼ਨਲ ਡੋਰਲ ਤੋਂ ਉਨ੍ਹਾਂ ਨੂੰ 110.4 ਮਿਲੀਅਨ ਡਾਲਰ ਦੀ ਕਮਾਈ ਹੋਈ ਹੈ, ਜੋ ਕਿਸੇ ਇਕ ਜਾਇਦਾਦ ਤੋਂ ਹੋਣ ਵਾਲੀ ਸਭ ਤੋਂ ਵੱਡੀ ਆਮਦਨ ਹੈ।
ਭਾਰਤ ਤੋਂ ਵੀ ਕਮਾਏ 10 ਮਿਲੀਅਨ ਡਾਲਰ
ਟਰੰਪ ਨੇ ਕੌਮਾਂਤਰੀ ਪੱਧਰ ’ਤੇ ਵੀ ਕਈ ਸੌਦਿਆਂ ਤੋਂ ਮੋਟੀ ਕਮਾਈ ਕੀਤੀ ਹੈ। ਵੀਅਤਨਾਮ ਦੇ ਇਕ ਪ੍ਰਾਜੈਕਟ ਤੋਂ ਉਨ੍ਹਾਂ ਨੂੰ 5 ਮਿਲੀਅਨ ਡਾਲਰ ਦੀ ਲਾਇਸੈਂਸ ਫੀਸ, ਭਾਰਤ ਵਿਚ ਇਕ ਰੀਅਲ ਅਸਟੇਟ ਡੀਲ ਤੋਂ 10 ਮਿਲੀਅਨ ਡਾਲਰ ਦੀ ਫੀਸ ਅਤੇ ਦੁਬਈ ਦੇ ਇਕ ਆਲੀਸ਼ਾਨ ਪ੍ਰਾਜੈਕਟ ਤੋਂ ਲੱਗਭਗ 16 ਮਿਲੀਅਨ ਡਾਲਰ ਦੀ ਰਾਇਲਟੀ ਆਮਦਨ ਹੋਈ ਹੈ। ਇਹ ਅੰਕੜੇ ਦੱਸਦੇ ਹਨ ਕਿ ਟਰੰਪ ਬ੍ਰਾਂਡ ਅੱਜ ਵੀ ਵੈਸ਼ਵਿਕ ਬਾਜ਼ਾਰ ਵਿਚ ਕਾਰੋਬਾਰੀ ਤਾਕਤ ਬਣਿਆ ਹੋਇਆ ਹੈ ਅਤੇ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਸ ਦਾ ਅਸਰ ਘੱਟ ਨਹੀਂ ਹੋਇਆ।