ਟਰੰਪ ਨੇ ਅਮਰੀਕੀ ਪੱਤਰਕਾਰਾਂ ''ਤੇ ਇੰਝ ਕੱਢੀ ਭੜਾਸ

Monday, Jul 30, 2018 - 03:46 PM (IST)

ਵਾਸ਼ਿੰਗਟਨ, (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਪੱਤਰਕਾਰਾਂ ਨੂੰ ਦੇਸ਼ਧ੍ਰੋਹੀ ਦੱਸਿਆ ਹੈ। ਉਨ੍ਹਾਂ ਨੇ ਮੀਡੀਆ 'ਤੇ ਦੋਸ਼ ਲਗਾਇਆ ਕਿ ਉਹ ਆਪਣੀਆਂ ਖਬਰਾਂ ਨਾਲ ਲੋਕਾਂ ਦੀ ਜਾਨ ਖਤਰੇ 'ਚ ਪਾ ਰਹੇ ਹਨ। ਟਰੰਪ ਨੇ ਕਈ ਟਵੀਟ ਕਰਕੇ ਕਿਹਾ,''ਜਦ 'ਟਰੰਪ ਡਿਰੈਂਜਮੈਂਟ ਸਿੰਡਰੋਮ' ਨਾਲ ਪੀੜਤ ਮੀਡੀਆ ਸਾਡੀ ਸਰਕਾਰ ਦੀ ਅੰਦਰੂਨੀ ਗੱਲਬਾਤ ਦਾ ਖੁਲਾਸਾ ਕਰਦੀ ਹੈ ਤਾਂ ਅਸਲ 'ਚ ਉਹ ਨਾ ਸਿਰਫ ਪੱਤਰਕਾਰਾਂ ਸਗੋਂ ਕਿ ਕਈ ਲੋਕਾਂ ਦੀ ਜਾਨ ਖਤਰੇ 'ਚ ਪਾਉਂਦੀ ਹੈ।'' ਉਨ੍ਹਾਂ ਨੇ ਮੀਡੀਆ 'ਤੇ ਗਲਤ ਖਬਰਾਂ ਪ੍ਰਕਾਸ਼ਿਤ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ,''ਪ੍ਰੈੱਸ ਦੀ ਆਜ਼ਾਦੀ ਸਟੀਕਤਾ ਨਾਲ ਖਬਰਾਂ ਰਿਪੋਰਟ ਕਰਨ ਦੀ ਹੈ। ਮੇਰੇ ਪ੍ਰਸ਼ਾਸਨ ਦੀ 90 ਫੀਸਦੀ ਮੀਡੀਆ ਕਵਰੇਜ ਨਕਾਰਾਤਮਕ ਹੈ ਜਦਕਿ ਅਸੀਂ ਜ਼ਬਰਦਸਤ ਸਕਾਰਾਤਮਕ ਨਤੀਜੇ ਹਾਸਲ ਕਰ ਰਹੇ ਹਾਂ। ਇਸ 'ਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮੀਡੀਆ 'ਚ ਵਿਸ਼ਵਾਸ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ।''
ਅਮਰੀਕੀ ਰਾਸ਼ਟਰਪਤੀ ਨੇ ਦੋਸ਼ ਲਗਾਇਆ ਕਿ ਅਸਫਲ 'ਨਿਊਯਾਰਕ ਟਾਈਮਜ਼' ਅਤੇ 'ਅਮੇਜ਼ਨ ਵਾਸ਼ਿੰਗਟਨ ਪੋਸਟ' ਬੇਹੱਦ ਸਕਾਰਾਤਮਕ ਪ੍ਰਾਪਤੀਆਂ 'ਤੇ ਵੀ ਬੁਰੀਆਂ ਖਬਰਾਂ ਲਗਾਉਂਦੇ ਹਨ ਅਤੇ ਉਹ ਕਦੇ ਨਹੀਂ ਬਦਲਣਗੇ। 
ਇਸ ਤੋਂ ਪਹਿਲਾਂ ਟਰੰਪ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਨੇ ਨਿਊਯਾਰਕ ਟਾਈਮਜ਼ ਦੇ ਪ੍ਰਕਾਸ਼ਕ (ਪਬਲਿਸ਼ਰ) ਏ.ਜੀ. ਸਲਜਬਰਜਰ ਨਾਲ ਵ੍ਹਾਈਟ ਹਾਊਸ 'ਚ ਬਹੁਤ ਚੰਗੀ ਅਤੇ ਦਿਲਚਸਪ ਮੁਲਾਕਾਤ ਕੀਤੀ। ਦੂਜੇ ਪਾਸੇ ਨਿਊਯਰਕ ਟਾਈਮਜ਼ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਵ੍ਹਾਈਟ ਹਾਊਸ 'ਚ ਮੁਲਾਕਾਤ ਦੌਰਾਨ ਟਰੰਪ ਨੂੰ ਸੂਚਿਤ ਕੀਤਾ ਕਿ ਮੀਡੀਆ 'ਤੇ ਉਨ੍ਹਾਂ ਦੇ ਵਧਦੇ ਹਮਲੇ ਸਾਡੇ ਦੇਸ਼ ਲਈ ਖਤਰਨਾਕ ਤੇ ਹਾਨੀਕਾਰਕ ਹਨ ਅਤੇ ਇਸ ਨਾਲ ਹਿੰਸਾ ਵਧੇਗੀ। ਸਲਜਬਰਜਰ ਮੁਤਾਬਕ ਬੈਠਕ 'ਚ ਟਾਈਮਜ਼ ਦੇ ਸੰਪਾਦਕੀ ਪੰਨੇ ਦੇ ਸੰਪਾਦਕ ਜੇਮਜ਼ ਬੈਨੇਟ ਵੀ ਸ਼ਾਮਲ ਹੋਏ ਅਤੇ ਵ੍ਹਾਈਟ ਹਾਊਸ ਦੀ ਅਪੀਲ 'ਤੇ ਇਹ ਗੁਪਤ ਬੈਠਕ ਰੱਖੀ ਗਈ ਪਰ ਟਰੰਪ ਨੇ ਇਸ ਬਾਰੇ ਟਵੀਟ ਕਰਕੇ ਇਸ ਨੂੰ ਜਨਤਕ ਕਰ ਦਿੱਤਾ। ਸਲਜਬਰਜਰ ਨੇ ਕਿਹਾ,''ਮੁਲਾਕਾਤ ਲਈ ਤਿਆਰ ਹੋਣ ਦਾ ਮੇਰਾ ਮੁੱਖ ਉਦੇਸ਼ ਰਾਸ਼ਟਰਪਤੀ ਦੇ ਪ੍ਰੈੱਸ ਵਿਰੋਧੀ ਬਿਆਨਾਂ ਨੂੰ ਲੈ ਕੇ ਚਿੰਤਾ ਪ੍ਰਗਟ ਕਰਨਾ ਸੀ। ਮੈਂ ਸਿੱਧਾ ਰਾਸ਼ਟਰਪਤੀ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਭਾਸ਼ਾ ਨਾ ਸਿਰਫ ਵੰਡਣ ਵਾਲੀ ਹੈ ਸਗੋਂ ਖਤਰਨਾਕ ਵੀ ਹੈ।''


Related News