ਟਰੰਪ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਸ਼ੁਰੂ ਕੀਤਾ ਚੋਣ ਪ੍ਰਚਾਰ, ਕਿਹਾ- ''ਹੁਣ ਹੋਰ ਵਚਨਬੱਧ ਹਾਂ''
Monday, Jan 30, 2023 - 12:14 PM (IST)

ਸਾਲੇਮ/ਨਿਊ ਹੈਂਪਸ਼ਾਇਰ (ਭਾਸ਼ਾ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ 2024 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। 2 ਮਹੀਨੇ ਤੋਂ ਵੱਧ ਸਮਾਂ ਪਹਿਲਾਂ ਉਨ੍ਹਾਂ ਨੇ ਤੀਜੀ ਵਾਰ ਰਾਸ਼ਟਰਪਤੀ ਚੋਣਾਂ ਵਿਚ ਕਿਸਮਤ ਅਜ਼ਮਾਉਣ ਦਾ ਐਲਾਨ ਕੀਤਾ ਸੀ। ਸਾਲੇਮ ਦੇ ਨਿਊ ਹੈਂਪਸ਼ਾਇਰ ਵਿੱਚ ਰਿਪਬਲਿਕਨ ਪਾਰਟੀ ਦੀ ਸਾਲਾਨਾ ਮੀਟਿੰਗ ਵਿੱਚ ਟਰੰਪ ਨੇ ਪਾਰਟੀ ਨੇਤਾਵਾਂ ਨੂੰ ਕਿਹਾ, "ਇਹ ਉਹ ਥਾਂ ਹੈ ਜਿੱਥੇ ਅਸੀਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ।" ਟਰੰਪ ਕੋਲੰਬੀਆ ਜਾਣ ਤੋਂ ਪਹਿਲਾਂ ਸਾਲੇਮ ਵਿੱਚ ਰੁੱਕੇ ਸਨ। ਉਨ੍ਹਾਂ ਨੇ ਸਾਲੇਮ ਵਿਚ ਰਿਪਬਲਿਕਨ ਪਾਰਟੀ ਦੇ ਨੇਤਾਵਾਂ ਨੂੰ ਦੱਖਣੀ ਕੈਰੋਲੀਨਾ ਦੀ ਆਪਣੀ ਪ੍ਰਚਾਰ ਟੀਮ ਤੋਂ ਵਾਕਿਫ਼ ਕਰਾਉਣਾ ਸੀ।
ਟਰੰਪ ਨੇ ਕਿਹਾ, “ਮੈਂ ਹੁਣ ਹੋਰ ਨਾਰਾਜ਼ ਹਾਂ ਅਤੇ ਪਹਿਲਾਂ ਦੀ ਤੁਲਨਾ ਵਿਚ (ਰਾਸ਼ਟਰਪਤੀ ਚੋਣ ਲਈ) ਜ਼ਿਆਦਾ ਵਚਨਬੱਧ ਹਾਂ।” ਫਿਲਹਾਲ ਸਿਰਫ਼ ਟਰੰਪ ਨੇ ਹੀ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ। ਫਲੋਰਿਡਾ ਦੇ ਗਵਰਨਰ ਆਰ. ਡੀਸੈਂਟਸ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ, ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਅਤੇ ਕਈ ਸੰਭਾਵੀ ਉਮੀਦਵਾਰਾਂ ਦੇ ਆਉਣ ਵਾਲੇ ਮਹੀਨਿਆਂ ਵਿੱਚ ਆਪਣੀਆਂ ਮੁਹਿੰਮਾਂ ਸ਼ੁਰੂ ਕਰਨ ਦੀ ਉਮੀਦ ਹੈ।