ਬ੍ਰੈਗਜ਼ਿਟ ਨਾਲ ਜੂਝ ਰਹੇ ਬ੍ਰਿਟੇਨ ਪਹੁੰਚੇ ਟਰੰਪ

07/12/2018 3:22:08 PM

ਲੰਡਨ (ਏ.ਐਫ.ਪੀ.)- ਆਪਣੀਆਂ ਨੀਤੀਆਂ ਅਤੇ ਹਮੇਸ਼ਾ ਵਿਵਾਦਤ ਬਿਆਨਾਂ ਕਾਰਨ ਸੁਰਖੀਆਂ ਵਿਚ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬ੍ਰਿਟੇਨ ਪਹੁੰਚ ਗਏ ਹਨ। ਇਸ ਵੇਲੇ ਬ੍ਰਿਟੇਨ ਬ੍ਰੈਗਜ਼ਿਟ ਨਾਲ ਜੂਝ ਰਿਹਾ ਹੈ। ਟਰੰਪ ਆਪਣੀ ਬ੍ਰਿਟੇਨ ਦੀ ਚਾਰ ਦਿਨਾਂ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਉਹ ਮਹਾਰਾਣੀ ਐਲੀਜ਼ਾਬੇਥ-2 ਨਾਲ ਚਾਹ ਅਤੇ ਹਫਤੇ ਦੇ ਅਖੀਰ ਵਿਚ ਸਕਾਟਲੈਂਡ ਵਿਚ ਛੁੱਟੀਆਂ ਬਿਤਾਉਣਗੇ। ਟਰੰਪ ਨਾਟੋ ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਬ੍ਰਿਟੇਨ ਆਏ ਹਨ, ਜਿੱਥੇ ਉਹ ਐਤਵਾਰ ਤੱਕ ਰੁਕਣਗੇ। ਬ੍ਰਿਟੇਨ ਅਤੇ ਅਮਰੀਕਾ ਵਿਚਾਲੇ ਕਈ ਰਾਜਨੀਤਕ ਮਤਭੇਦ ਹੋਣ ਦੇ ਬਾਵਜੂਦ ਬ੍ਰਿਟੇਨ ਸਰਕਾਰ ਨੂੰ ਈ.ਯੂ ਛੱਡਣ ਤੋਂ ਬਾਅਦ ਅਮਰੀਕਾ ਨਾਲ ਤੁਰੰਤ ਵਪਾਰ ਸਮਝੌਤਾ ਹੋਣ ਦੀ ਉਮੀਦ ਹੈ।
ਮੇ ਨੇ ਟਰੰਪ ਦੀ ਯਾਤਰਾ ਤੋਂ ਪਹਿਲਾਂ ਕਿਹਾ ਸੀ ਕਿ ਜਦੋਂ ਅਸੀਂ ਯੂਰਪੀ ਸੰਘ ਛੱਡਾਂਗੇ ਤਾਂ ਅਸੀਂ ਵਿਸ਼ਵ ਵਿਚ ਬ੍ਰਿਟੇਨ ਲਈ ਇਕ ਨਵੀਂ ਰਾਹ ਤਿਆਰ ਕਰਾਂਗੇ ਅਤੇ ਹੋਰ ਦੇਸ਼ਾਂ ਨਾਲ ਸਾਡੇ ਸਬੰਧ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਮਜ਼ਬੂਤ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਮਰੀਕਾ ਨਾਲ ਸਾਡੇ ਵਿਸ਼ੇਸ਼ ਸਬੰਧਾਂ ਤੋਂ ਜ਼ਿਆਦਾ ਮਜ਼ਬੂਤ ਗਠਜੋੜ ਕੋਈ ਨਹੀਂ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਇਸ ਤੋਂ ਅਹਿਮ ਗਠਜੋੜ ਦੂਜਾ ਕੋਈ ਨਹੀਂ ਹੋਵੇਗਾ।
ਟਰੰਪ ਨੇ ਬ੍ਰਿਟੇਨ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਬਿਆਨ ਵਿਚ ਆਖਿਆ ਸੀ ਕਿ ਬ੍ਰਿਟੇਨ ਵਿਚ ਇਕ ਤਰ੍ਹਾਂ ਦੀ ਉਥਲ-ਪੁਥਲ ਦੀ ਸਥਿਤੀ ਹੈ। ਇਸ 'ਤੇ ਰਾਜਦੂਤ ਜਾਨਸਨ ਨੇ ਟਰੰਪ ਦੇ ਬਿਆਨ ਨੂੰ ਸਮਝਾਉਂਦੇ ਹੋਏ ਕਿਹਾ ਕਿ ਹਰੇਕ ਦੇਸ਼ ਵਿਚ ਉਥਲ-ਪੁਥਲ ਹੁੰਦੀ ਰਹਿੰਦੀ ਹੈ ਪਰ ਮੇਰਾ ਮੰਨਣਾ ਹੈ ਕਿ ਯੂ.ਕੇ. ਅੱਗੇ ਵੱਧ ਰਿਹਾ ਹੈ, ਜਿਵੇਂ ਉਹ ਹਮੇਸ਼ਾ ਵਧਦਾ ਹੈ।


Related News