ਸੁਪਰੀਮ ਕੋਰਟ ਦੀ ਸਵਰਗੀ ਜੱਜ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਟਰੰਪ, ਲੋਕਾਂ ਕਿਹਾ, ''ਵਾਪਸ ਜਾਓ''

09/26/2020 12:25:19 AM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀਰਵਾਰ ਨੂੰ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪਿਆ। ਟਰੰਪ ਸਵਰਗੀ ਬੀਬੀ ਜੱਜ ਰੂਥ ਬਾਦੇਰ ਗਿੰਸਬਰਗ ਨੂੰ ਸ਼ਰਧਾਂਜਲੀ ਦੇਣ ਲਈ ਸੁਪਰੀਮ ਕੋਰਟ ਪਹੁੰਚੇ। ਪਤਨੀ ਮੇਲਾਨੀਆ ਵੀ ਉਨਾਂ ਦੇ ਨਾਲ ਹੀ ਸੀ। ਇਸ ਦੌਰਾਨ ਉਥੇ ਮੌਜੂਦ ਕੁਝ ਲੋਕਾਂ ਨੇ ਰਾਸ਼ਟਰਪਤੀ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ। ਇਨਾਂ ਲੋਕਾਂ ਨੇ ਕਿਹਾ ਕਿ ਟਰੰਪ ਨੂੰ ਹਰਾਉਣ ਲਈ ਵੋਟ ਦਿਓ।

ਜਸਟਿਸ ਗਿੰਸਬਰਗ ਦਾ 18 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ। ਉਨਾਂ ਦੇ ਦਿਹਾਂਤ ਤੋਂ ਬਾਅਦ ਟਰੰਪ ਸੁਪਰੀਮ ਕੋਰਟ ਵਿਚ ਨਵੀਂ ਬੀਬੀ ਜੱਜ ਦੀ ਨਿਯੁਕਤੀ ਕਰਨਾ ਚਾਹੁੰਦੇ ਹਨ। ਡੈਮੋਕ੍ਰੇਟਿਕ ਪਾਰਟੀ ਅਤੇ ਉਸ ਦੇ ਉਮੀਦਵਾਰ ਜੋਅ ਬਾਇਡੇਨ ਇਸ ਦਾ ਵਿਰੋਧ ਕਰ ਰਹੇ ਹਨ। ਬਾਇਡੇਨ ਦਾ ਆਖਣਾ ਹੈ ਕਿ ਚੋਣਾਂ ਵਿਚ ਬਹੁਤ ਘੱਟ ਦਿਨ ਬਚੇ ਹਨ। ਲਿਹਾਜ਼ਾ, ਨਵੇਂ ਜੱਜ ਦੀ ਨਿਯੁਕਤੀ ਹੁਣ ਨਵੀਂ ਸਰਕਾਰ ਨੂੰ ਹੀ ਕਰਨੀ ਚਾਹੀਦੀ ਹੈ।

ਮਾਸਕ ਲਾ ਕੇ ਸ਼ਰਧਾਂਜਲੀ ਦੇਣ ਪਹੁੰਚੇ ਟਰੰਪ
ਆਮ ਤੌਰ 'ਤੇ ਟਰੰਪ ਫੇਸ ਮਾਸਕ ਨਹੀਂ ਲਾਉਂਦੇ। ਕੋਰੋਨਾਵਾਇਰਸ ਦੇ ਦੌਰ ਵਿਚ ਵੀ ਉਨ੍ਹਾਂ ਨੇ ਮਾਸਕ ਲਾਉਣ ਦਾ ਮਜ਼ਾਕ ਉਡਾਇਆ। ਸ਼ੁਰੂਆਤੀ ਦੌਰ ਵਿਚ ਕੋਰੋਨਾਵਾਇਰਸ ਨੂੰ ਆਮ ਫਲੂ ਦੱਸਿਆ। ਪਰ, ਵੀਰਵਾਰ ਨੂੰ ਜਦ ਉਹ ਜਸਟਿਸ ਗਿੰਸਬਰਗ ਦੇ ਆਖਰੀ ਦਰਸ਼ਨ ਕਰਨ ਲਈ ਸੁਪਰੀਮ ਕੋਰਟ ਪਹੁੰਚੇ ਤਾਂ ਚਿਹਰੇ 'ਤੇ ਨੀਲੇ ਰੰਗ ਦਾ ਮਾਸਕ ਸੀ। ਪਤਨੀ ਮੇਲਾਨੀਆ ਵੀ ਮਾਸਕ ਪਾਈ ਨਜ਼ਰ ਆਈ। ਰਾਸ਼ਟਰਪਤੀ ਕਾਫੀ ਦੇਰ ਤੱਕ ਗਿੰਸਬਰਗ ਦੇ ਤਬੂਤ ਪਿੱਛੇ ਖੜ੍ਹੇ ਰਹੇ। ਇਸ ਦੌਰਾਨ ਕਾਫੀ ਦੇਰ ਤੱਕ ਉਨ੍ਹਾਂ ਨੇ ਅੱਖਾਂ ਵੀ ਬੰਦ ਰੱਖੀਆਂ।

PunjabKesari

ਟਰੰਪ ਅਤੇ ਮੇਲਾਨੀਆ ਸ਼ਰਧਾਂਜ਼ਲੀ ਦੌਰਾਨ ਸ਼ਾਂਤ ਖੜ੍ਹੇ ਸਨ। ਕੁਝ ਦੂਰੀ 'ਤੇ ਮੌਜੂਦ ਲੋਕ ਇਸ ਦੌਰਾਨ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਆਖਿਆ ਕਿ ਵੋਟ ਦੇ ਕੇ ਟਰੰਪ ਨੂੰ ਹਟਾਓ। ਦਰਅਸਲ, ਨਾਅਰੇਬਾਜ਼ੀ ਦਾ ਇਕ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਜਸਟਿਸ ਗਿੰਸਬਰਗ ਦੇ ਆਖਰੀ ਸਮੇਂ ਵਿਚ ਕਿਹਾ ਸੀ ਕਿ ਉਨਾਂ ਦੀ ਥਾਂ ਨਵੇਂ ਜੱਜ ਦੀ ਨਿਯੁਕਤੀ ਨਵੇਂ ਰਾਸ਼ਟਰਪਤੀ ਅਤੇ ਨਵੀਂ ਸਰਕਾਰ ਨੂੰ ਕਰਨੀ ਚਾਹੀਦੀ। ਹਾਲਾਂਕਿ, ਗਿੰਸਬਰਗ ਦੀ ਇਸ ਕਥਿਤ ਆਖਰੀ ਇੱਛਾ ਦਾ ਕੋਈ ਸਬੂਤ ਨਹੀਂ ਹੈ। ਟਰੰਪ ਆਖ ਰਹੇ ਹਨ ਕਿ ਉਹ ਜਲਦ ਹੀ ਨਵੇਂ ਜੱਜ ਦੀ ਨਿਯੁਕਤੀ ਕਰਨਗੇ। ਅਮਰੀਕੀ ਸੁਪਰੀਮ ਕੋਰਟ ਵਿਚ 9 ਜੱਜ ਹੁੰਦੇ ਹਨ। ਕਿਸੇ ਅਹਿਮ ਫੈਸਲੇ ਦੇ ਸਮੇਂ ਜੇਕਰ ਇਨਾਂ ਦੀ ਸਲਾਹ 4-4 ਵਿਚ ਵੰਡੀ ਜਾਂਦੀ ਹੈ ਤਾਂ ਸਰਕਾਰ ਵੱਲੋਂ ਨਿਯੁਕਤ ਜੱਜ ਦਾ ਵੋਟ ਨਿਰਣਾਇਕ ਹੋ ਜਾਂਦਾ ਹੈ। ਜੱਜ ਰਾਸ਼ਟਰਪਤੀ ਵੱਲੋਂ ਨਿਯੁਕਤ ਹੁੰਦਾ ਹੈ ਤਾਂ ਮੰਨਿਆ ਇਹ ਜਾਂਦਾ ਹੈ ਕਿ ਉਹ ਸਰਕਾਰ ਦੇ ਪੱਖ ਵਿਚ ਹੀ ਫੈਸਲਾ ਦੇਵੇਗਾ। ਲੋਕ ਇਸ ਲਈ ਟਰੰਪ ਵੱਲੋਂ ਨਵੇਂ ਜੱਜ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਹਨ।

ਦੱਸ ਦਈਏ ਕਿ ਵ੍ਹਾਈਟ ਹਾਊਸ ਦੀ ਪ੍ਰੈਸ ਸੈਕੇਟਰੀ ਕੈਲੀ ਮੈਕੇਨੀ ਨੇ ਨਾਅਰੇਬਾਜ਼ੀ ਦੀ ਨਿੰਦਾ ਕੀਤੀ ਅਤੇ ਉਨਾਂ ਆਖਿਆ ਕਿ ਰਾਸ਼ਟਰਪਤੀ ਉਥੇ ਜਸਟਿਸ ਗਿੰਸਬਰਗ ਨੂੰ ਸ਼ਰਧਾਂਜਲੀ ਦੇਣ ਗਏ ਸਨ। ਇਸ ਤਰ੍ਹਾਂ ਦੇ ਪ੍ਰੋਗਰਾਮ ਵਿਚ ਸਿਆਸੀ ਨਾਅਰੇਬਾਜ਼ੀ ਕਰਨ ਵਾਲੇ ਲੋਕਾਂ ਦੀ ਮੈਂ ਨਿੰਦਾ ਕਰਦਾ ਹਾਂ। ਇਹ ਗਲਤ ਤਰੀਕਾ ਹੈ। ਕੁਝ ਦੇਰ ਬਾਅਦ ਟਰੰਪ ਨੇ ਇਕ ਵਾਰ ਫਿਰ ਸਾਫ ਕਰ ਦਿੱਤਾ ਕਿ ਉਹ ਗਿੰਸਬਰਗ ਦੀ ਥਾਂ ਮਹਿਲਾ ਜੱਜ ਦੀ ਨਿਯੁਕਤੀ ਜ਼ਰੂਰ ਕਰਨਗੇ ਅਤੇ ਬੇਹੱਦ ਜਲਦ।


Khushdeep Jassi

Content Editor

Related News