ਸਿਹਤ ਸੇਵਾ ਬਿੱਲ ਪਾਸ ਨਾ ਹੋਣ ਕਾਰਨ ਟਰੰਪ ਹੋਏ ਨਾਰਾਜ਼

03/25/2017 12:19:30 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਸਿਹਤ ਸੇਵਾ ਬਿੱਲ ਨੂੰ ਪ੍ਰਤੀਨਿਧੀ ਸਭਾ ''ਚ ਪਾਸ ਨਾ ਕਰਵਾ ਸਕਣ ਕਾਰਨ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਹ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਓਬਾਮਾ ਕੇਅਰ ਨੂੰ ਰੱਦ ਕਰ ਕੇ ਉਸ ਦੀ ਥਾਂ ਨਵੇਂ ਬਿੱਲ ਨੂੰ ਲਿਆਉਣਾ ਚਾਹੁੰਦੇ ਸਨ ਪਰ ਪ੍ਰਤੀਨਿਧੀ ਸਭਾ ''ਚ ਇਸ ਪੱਖ ''ਚ ਮਿਲੀਆਂ ਘੱਟ ਵੋਟਾਂ ਕਾਰਨ ਬਿੱਲ ਪਾਸ ਨਹੀਂ ਹੋ ਸਕਿਆ। ਟਰੰਪ ਨੂੰ ਉਸ ਸਮੇਂ ਨਾਰਾਜ਼ਗੀ ਹੋਈ, ਜਦੋਂ ਪ੍ਰਤੀਨਿਧੀ ਸਭਾ ਦੇ ਸਪੀਕਰ ਪਾਲ ਰਿਆਨ ਨਵੇਂ ਸਿਹਤ ਸੇਵਾ ਬਿੱਲ ਨੂੰ ਪਾਸ ਕਰਾਉਣ ਲਈ ਬਹੁਮਤ ਨਹੀਂ ਜੁਟਾ ਸਕੇ। ਟਰੰਪ ਪ੍ਰਸ਼ਾਸਨ ਦੇ ਇਸ ਬਿੱਲ ਦੇ ਪੱਖ ''ਚ ਸਮਰਥਨ ਨਾ ਜੁਟਾਉਣ ਕਾਰਨ ਰਾਸ਼ਟਰਪਤੀ ਨੇ ਆਪਣੇ ਰੀਪਬਲਿਕਨ ਸਾਥੀਆਂ ਨੂੰ ਅਲਟੀਮੇਟਮ ਜਾਰੀ ਕੀਤਾ ਹੈ।
ਦੱਸਣ ਯੋਗ ਹੈ ਕਿ ਅਮਰੀਕਾ ਦੀ ਪ੍ਰਤੀਨਿਧੀ ਸਭਾ ਭਾਰਤ ਦੀ ਲੋਕ ਸਭਾ ਵਾਂਗ ਹੈ। ਇੱਥੇ ਕੁਲ 435 ਮੈਂਬਰ ਹਨ। ਇਸ ਸਭਾ ਵਿਚ ਰੀਪਬਲਿਕਨ ਪਾਰਟੀ 235 ਮੈਂਬਰਾਂ ਨਾਲ ਬਹੁਮਤ ਵਿਚ ਹੈ। ਆਪਣੇ ਹੀ ਕੁਝ ਸੰਸਦ ਮੈਂਬਰਾਂ ਦੇ ਵਿਰੋਧ ਕਾਰਨ ਰੀਪਬਲਿਕਨ ਪਾਰਟੀ ਇਸ ਬਿੱਲ ਨੂੰ ਪਾਸ ਕਰਾਉਣ ਲਈ 215 ਵੋਟਾਂ ਨਹੀਂ ਜੁਟਾ ਸਕੀ। ਹਾਰ ਦੇ ਅਪਮਾਨ ਤੋਂ ਬਚਣ ਲਈ ਰਿਆਨ ਨੇ ਓਬਾਮਾ ਕੇਅਰ ''ਤੇ ਵੋਟਾਂ ਪਵਾਉਣ ਦਾ ਕਦਮ ਵਾਪਸ ਲੈ ਲਿਆ। 
ਬਿੱਲ ਨੂੰ ਵਾਪਸ ਲੈਣ ਤੋਂ ਬਾਅਦ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''''ਓਬਾਮਾ ਕੇਅਰ ਵਿਚ ਕੁਝ ਅਜਿਹੀਆਂ ਚੀਜ਼ਾਂ ਸਨ, ਜੋ ਮੈਨੂੰ ਪਸੰਦ ਨਹੀਂ ਆਈਆਂ। ਉਹ ਬਿੱਲ ਨੂੰ ਪਾਸ ਕਰਾਉਣ ਦੇ ਬਹੁਤ ਨੇੜੇ ਸਨ ਪਰ 10-15 ਵੋਟਾਂ ਘੱਟ ਰਹਿ ਗਈਆਂ। ਰਾਸ਼ਟਰਪਤੀ ਨੇ ਕਿਹਾ ਕਿ ਹੁਣ ਉਹ ਟੈਕਸ ਸੁਧਾਰਾਂ ''ਤੇ ਧਿਆਨ ਦੇਣਗੇ। ਬਿੱਲ ਪਾਸ ਨਾ ਹੋਣ ਦਾ ਦੋਸ਼ ਵਿਰੋਧੀ ਧਿਰ ''ਤੇ ਲਗਾਉਂਦੇ ਹੋਏ ਟਰੰਪ ਨੇ ਕਿਹਾ ਕਿ ਹੁਣ ਓਬਾਮਾ ਕੇਅਰ ਬਣਿਆ ਰਹੇਗਾ ਅਤੇ ਲੋਕਾਂ ਨੂੰ ਆਪਣੇ ਬੀਮਾ ਪ੍ਰੀਮੀਅਰ ''ਚ ਇਜ਼ਾਫਾ ਦੇਖਣ ਨੂੰ ਮਿਲੇਗਾ।

Tanu

News Editor

Related News