ਅਮਰੀਕੀ ਲੋਕਾਂ ਨੂੰ ਮੁਫਤ ''ਚ ਮਿਲੇਗੀ ਕੋਰੋਨਾ ਵੈਕਸੀਨ, ਭਾਰਤ ਨੂੰ ਮਿਲੇਗੀ ਸਪੂਤਨਿਕ V
Thursday, Sep 17, 2020 - 06:29 PM (IST)
ਵਾਸ਼ਿੰਗਟਨ (ਬਿਊਰੋ): ਟਰੰਪ ਪ੍ਰਸ਼ਾਸਨ ਨੇ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਬੁੱਧਵਾਰ ਨੂੰ ਅਮਰੀਕੀ ਸੰਸਦ ਨੂੰ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਵੈਕਸੀਨ ਮੁਫਤ ਵਿਚ ਉਪਲਬਧ ਕਰਵਾਈ ਜਾਵੇਗੀ। ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕਾਂਗਰਸ ਨੂੰ ਇਸ ਸਬੰਧੀ ਰਿਪੋਰਟ ਸੌਂਪੀ ਅਤੇ ਦੱਸਿਆ ਕਿ ਵੈਕਸੀਨ ਦੇ ਲਈ ਆਮ ਨਾਗਰਿਕਾਂ ਤੋਂ ਪੈਸੇ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਸਾਰੇ ਰਾਜਾਂ ਨੂੰ ਵੀ ਇਸ ਦੇ ਬਾਰੇ ਵਿਚ ਇਕ ਬੁਕਲੇਟ ਜ਼ਰੀਏ ਦੱਸਿਆ ਗਿਆ ਹੈ। ਉੱਧਰ ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਅਮਰੀਕਾ ਵਿਚ ਕੋਰੋਨਾ ਦੇ ਮਾਮਲੇ ਦਸੰਬਰ 2019 ਵਿਚ ਹੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ।
ਸਿਹਤ ਏਜੰਸੀਆ ਅਤੇ ਰੱਖਿਆ ਵਿਭਾਗ ਨੇ ਯੋਜਨਾ ਤਿਆਰ ਕੀਤੀ ਹੈ। ਇਸ ਦੇ ਲਈ ਅਗਲੇ ਸਾਲ ਜਨਵਰੀ ਜਾਂ ਇਸ ਸਾਲ ਦੇ ਅਖੀਰ ਤੱਕ ਮੁਹਿੰਮ ਸੁਰੂ ਕੀਤੀ ਜਾ ਸਕਦੀ ਹੈ। ਵੈਕਸੀਨ ਦੀ ਵੰਡ ਦਾ ਕੰਮ ਪੇਂਟਾਗਨ ਕਰੇਗਾ ਪਰ ਇਸ ਨੂੰਲਗਾਉਣ ਦਾ ਕੰਮ ਸਿਵਲ ਹੈਲਥ ਵਰਕਰ ਕਰਨਗੇ। ਉੱਧਰ ਯੂ.ਐੱਸ. ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਮੁਤਾਬਕ, ਅਮਰੀਕਾ ਵਿਚ ਕੋਰੋਨਾਵਾਇਰਸ ਦਾ ਅਸਰ ਜਨਵਰੀ 2020 ਵਿਚ ਸ਼ੁਰੂ ਹੋਇਆ ਸੀ ਭਾਵੇਂਕਿ ਇਕ ਨਵੀਂ ਰਿਸਰਚ ਵਿਚ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਗਿਆ ਹੈ। ਯੂ.ਸੀ.ਐੱਲ.ਏ. ਦੇ ਮੁਤਾਬਕ, ਕੋਰੋਨਾਵਾਇਰਸ ਜਨਵਰੀ 2020 ਵਿਚ ਹੀ ਨਹੀਂ ਸਗੋਂ ਦਸਬੰਰ 2019 ਵਿਚ ਹੀ ਅਮਰੀਕਾ ਪਹੁੰਚ ਚੁੱਕਾ ਸੀ। ਇਹ ਰਿਸਰਚ ਜਰਨਲ ਆਫ ਮੈਡੀਕਲ ਇੰਟਰਨੈੱਟ 'ਤੇ ਜਾਰੀ ਹੋਈ ਹੈ।
ਰਿਸਰਚ ਟੀਮ ਨੇ ਪਾਇਆ ਕਿ 22 ਦਸੰਬਰ ਤੋਂ ਪਹਿਲਾਂ ਹੀ ਅਮਰੀਕਾ ਦੇ ਕਈ ਹਸਪਤਾਲਾਂ ਅਤੇ ਕਲੀਨਿਕਾਂ ਵਿਚ ਮਰੀਜ਼ਾਂ ਦੀ ਗਿਣਤੀ ਅਚਾਨਕ ਵੱਧ ਗਈ ਸੀ। ਜ਼ਿਆਦਾਤਰ ਮਰੀਜ਼ਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਅਤੇ ਸਰੀਰ ਦਰਦ ਦੀ ਸਮੱਸਿਆ ਹੋਈ ਸੀ। ਅਮਰੀਕਾ ਵਿਚ ਪਹਿਲਾ ਮਾਮਲਾ ਜਨਵਰੀ ਦੇ ਮੱਧ ਵਿਚ ਸਾਹਮਣੇ ਆਇਆ ਸੀ। ਉਹ ਵਿਅਕਤੀ ਚੀਨ ਦੇ ਵੁਹਾਨ ਤੋਂ ਪਰਤਿਆ ਸੀ। ਗੌਰਤਲਬ ਹੈ ਕਿ ਅਮਰੀਕਾ ਵਿਚ 6 ਕੋਰੋਨਾ ਵੈਕਸੀਨ ਪ੍ਰਾਜੈਕਟ 'ਤੇ ਕੰਮ ਚੱਲ ਰਿਹਾ ਹੈ। ਸਰਕਾਰ ਨੇ ਇਹਨਾਂ ਵੈਕਸੀਨ ਲਈ 10 ਬਿਲੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਲਗਾਈ ਹੈ। ਵੈਕਸੀਨ ਡੋਜ਼ ਦੇ ਲਈ ਸਰਕਾਰ ਪੈਸਾ ਚੁਕਾਏਗੀ। ਸਭ ਤੋਂ ਖਾਸ ਗੱਲ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਸਾਂਝਾ ਕੀਤੀ ਗਈ ਯੋਜਨਾ ਵਿਚ ਕੋਰੋਨਾ ਵੈਕਸੀਨ ਦੀ ਵੰਡ ਜਨਵਰੀ ਮਹੀਨੇ ਦੇ ਸ਼ੁਰੂਆਤ ਵਿਚ ਹੋਣ ਦੀ ਗੱਲ ਕਹੀ ਗਈ ਹੈ।
ਭਾਰਤ ਨੂੰ ਮਿਲੇਗੀ ਰੂਸ ਦੀ ਸਪੂਤਨਿਕ V ਵੈਕਸੀਨ
ਇੱਥੇ ਦੱਸ ਦਈਏ ਕਿ ਰੂਸ ਭਾਰਤੀ ਫਾਰਮਾ ਕੰਪਨੀ ਡਾਕਟਰ ਰੇੱਡੀ ਨੂੰ 10 ਕਰੋੜ ਸਪੂਤਨਿਕ V ਵੈਕਸੀਨ ਵੇਚੇਗਾ। ਇਸ ਦੇ ਲਈ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਦੇ ਨਾਲ ਡਾਕਟਰ ਰੇੱਡੀ ਲੈਬੋਰਟੀਜ਼ ਨੇ ਸਮਝੌਤਾ ਕੀਤਾ ਹੈ। ਰੂਸ ਦੇ ਸੌਵਰੇਨ ਵੈਲਥ ਫੰਡ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਵੈਕਸੀਨ ਦਾ ਫਿਲਹਾਲ ਟ੍ਰਾਇਲ ਚੱਲ ਰਿਹਾ ਹੈ। ਇਸ ਨੂੰ ਗਾਮੇਲਵਾ ਰਿਸਰਚ ਇੰਸਟੀਚਿਊਟ ਨੇ ਤਿਆਰ ਕੀਤਾ ਹੈ। ਇਸ ਦੀ ਡਿਲਿਵਰੀ ਟ੍ਰਾਇਲ ਖਤਮ ਹੋਣ ਦੇ ਬਾਅਦ ਅਤੇ ਭਾਰਤ ਵਿਚ ਇਸ ਦੇ ਰਜਿਸਟ੍ਰੇਸ਼ਨ ਦੇ ਬਾਅਦ ਸ਼ੁਰੂ ਹੋਵੇਗੀ।ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਹੁਣ ਤੱਕ 29,718,142 ਲੋਕ ਕੋਰੋਨਾ ਨਾਲ ਪੀੜਤ ਹਨ ਅਤੇ 9.39 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।