ਟਰੰਪ ਦੀ ਭਾਰਤ ਨੂੰ ਧਮਕੀ, ਕਿਹਾ ਹੁਣ ਬਰਦਾਸ਼ਤ ਤੋਂ ਬਾਹਰ
Tuesday, Jul 09, 2019 - 08:11 PM (IST)
 
            
            ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਦੁਬਾਰਾ ਭਾਰਤ ਨੂੰ ਧਮਕੀ ਭਰੇ ਅੰਦਾਜ਼ 'ਚ ਟੈਰਿਫ ਘੱਟ ਕਰਨ ਲਈ ਕਿਹਾ ਹੈ। ਟਰੰਪ ਨੇ ਟਵਿਟਰ 'ਤੇ ਲਿਖਿਆ ਹੈ ਕਿ ਭਾਰਤ ਜਲਦੀ ਵਧਾਏ ਟੈਰਿਫ ਨੂੰ ਵਾਪਸ ਲਵੇ, ਇਸ ਨੂੰ ਸਵਿਕਾਰ ਨਹੀਂ ਕੀਤਾ ਜਾਵੇਗਾ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟਰੰਪ ਨੇ ਅਮਰੀਕੀ ਸਮਾਨ 'ਤੇ ਲੱਗਣ ਵਾਲੇ ਟੈਰਿਫ ਨੂੰ ਲੈ ਕੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਟਰੰਪ ਨੇ ਜੀ-20 ਸੰੰਮੇਲਨ ਤੋਂ ਠੀਕ ਪਹਿਲਾਂ ਭਾਰਤ ਨੂੰ ਧਮਕੀ ਭਰੇ ਅੰਦਾਜ਼ 'ਚ ਟੈਰਿਫ ਘੱਟ ਕਰਨ ਲਈ ਕਿਹਾ ਸੀ।
ਜੀ-20 ਸੰਮੇਲਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਵੀਟ 'ਚ ਲਿਖਿਆ ਸੀ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਲਈ ਤਿਆਰ ਹਾਂ। ਭਾਰਤ ਅਮਰੀਕਾ 'ਤੇ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਬਹੁਤ ਜ਼ਿਆਦਾ ਟੈਰਿਫ ਲਾਉਂਦਾ ਆਇਆ ਹੈ। ਹਾਲ ਹੀ 'ਚ ਭਾਰਤ ਵਲੋਂ ਟੈਰਿਫ ਵਧਾਏ ਗਏ ਸਨ। ਇਨ੍ਹਾਂ ਟੈਰਿਫਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਸਵਿਕਾਰ ਨਹੀਂ ਕੀਤਾ ਜਾ ਸਕਦਾ।
ਅਮਰੀਕਾ ਭਾਰਤ 'ਤੇ ਲਗਾਤਾਰ ਟੈਰਿਫ ਘੱਟ ਕਰਨ ਦਾ ਦਬਾਅ ਬਣਾ ਰਾ ਹੈ। ਅਮਰੀਕਾ ਭਾਰਤ ਨੂੰ ਰੂਸ ਤੋਂ ਹਥਿਆਰਾਂ ਦੀ ਖਰੀਦ, ਈਰਾਨ ਤੋਂ ਤੇਲ ਦੀ ਦਰਾਮਦ ਜਿਹੇ ਮੁੱਦਿਆਂ 'ਤੇ ਵੀ ਚਿਤਾਵਨੀ ਦੇ ਚੁੱਕਿਆ ਹੈ।
ਭਾਰਤ-ਅਮਰੀਕਾ ਦੇ ਵਿਚਾਲੇ ਟ੍ਰੇਡ ਵਾਰ
ਭਾਰਤ ਨੇ ਪਿਛਲੇ ਮਹੀਨੇ ਅਮਰੀਕਾ ਵਲੋਂ ਤੋਂ ਮਿਲਣ ਵਾਲੀਆਂ ਕਾਰੋਬਾਰੀ ਸੁਵਿਧਾਵਾਂ ਨੂੰ ਖਤਮ ਕਰਨ ਦੇ ਖਿਲਾਫ ਜਵਾਬੀ ਕਾਰਵਾਈ ਕੀਤੀ ਸੀ, ਲਗਭਗ ਇਕ ਸਾਲ ਹੌਸਲਾ ਦਿਖਾਉਣ ਤੋਂ ਬਾਅਦ ਭਾਰਤ ਨੇ ਅਮਰੀਕਾ ਤੋਂ ਆਉਣ ਵਾਲੇ ਸੇਬ, ਬਦਾਮ ਤੇ ਅਖਰੋਟ ਸਣੇ 28 ਸਾਮਾਨਾਂ 'ਤੇ 50 ਫੀਸਦੀ ਤੱਕ ਟੈਰਿਫ ਲਗਾ ਦਿੱਤਾ ਹੈ। ਕਾਮਰਸ ਮਿਨੀਸਟ੍ਰੀ ਵਲੋਂ ਕਿਹਾ ਗਿਆ ਹੈ ਕਿ ਭਾਰਤੀ ਸਟੀਲ ਤੇ ਐਲੂਮੀਨੀਅਮ 'ਤੇ ਅਮਰੀਕੀ ਟੈਰਿਫ ਵਧਣ ਨਾਲ ਭਾਰਤ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਅਮਰੀਕੀ ਸਾਮਾਨਾਂ 'ਤੇ ਟੈਰਿਫ ਵਧਾਉਣ ਤੋਂ ਹੋ ਜਾਵੇਗੀ।
ਜਿਨ੍ਹਾਂ ਅਮਰੀਕੀ ਸਾਮਾਨਾਂ 'ਤੇ ਡਿਊਟੀ ਵਧਾਈ ਗਈ ਹੈ ਉਨ੍ਹਾਂ 'ਚ 18 ਆਇਰਨ ਤੇ ਸਟੀਲ ਆਈਟਮਾਂ ਹਨ। ਇਸ ਨੂੰ ਅਮਰੀਕਾ ਨੂੰ ਭਾਰਤ ਦੇ ਜਵਾਬ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਭਾਰਤ ਨੇ ਆਪਣੇ ਸਟੀਲ ਤੇ ਐਲੂਮੀਨੀਅਮ ਪ੍ਰੋਡਕਟਸ 'ਤੇ ਟੈਰਿਫ ਤੋਂ ਛੋਟ ਮੰਗੀ ਸੀ ਪਰ ਇਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ। ਜਦਕਿ ਕੈਨੇਡਾ ਤੇ ਇਥੋਂ ਤੱਕ ਕਿ ਮੈਕਸੀਕੋ ਨੂੰ ਛੋਟ ਮਿਲ ਗਈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            