ਟਰੰਪ ਨੇ ਪਾਕਿ ਨੂੰ ਇਕ ਵਾਰ ਫਿਰ ਲਗਾਈ ਫਟਕਾਰ, ਕਿਹਾ— ਦੋਸਤੀ ਕਾਇਮ ਰੱਖਣੀ ਹੈ ਤਾਂ ਖਤਮ ਕਰੋ ਅੱਤਵਾਦ

Tuesday, Dec 19, 2017 - 05:09 PM (IST)

ਟਰੰਪ ਨੇ ਪਾਕਿ ਨੂੰ ਇਕ ਵਾਰ ਫਿਰ ਲਗਾਈ ਫਟਕਾਰ, ਕਿਹਾ— ਦੋਸਤੀ ਕਾਇਮ ਰੱਖਣੀ ਹੈ ਤਾਂ ਖਤਮ ਕਰੋ ਅੱਤਵਾਦ

ਵਾਸ਼ਿੰਗਟਨ(ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪਾਕਿਸਤਾਨ ਦੇ ਪ੍ਰਤੀ ਸਖ਼ਤ ਰਵੱਈਆ ਇਕ ਵਾਰ ਫਿਰ ਸਾਹਮਣੇ ਆਇਆ ਹੈ। ਟਰੰਪ ਨੇ ਪਾਕਿਸਤਾਨ ਨੂੰ ਸਿੱਧੇ ਤੌਰ ਉੱਤੇ ਚਿਤਾਵਨੀ ਦੇ ਦਿੱਤੀ ਹੈ। ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਚਾਹੁੰਦਾ ਹੈ ਕਿ ਸਾਡੀ ਦੋਸਤੀ ਕਾਇਮ ਰਹੇ, ਤਾਂ ਉਸ ਨੂੰ ਅੱਤਵਾਦ ਖਿਲਾਫ ਸਖ਼ਤ ਕਦਮ ਚੁੱਕਣੇ ਹੀ ਹੋਣਗੇ। ਟਰੰਪ ਨੇ ਕਿਹਾ ਅਸੀਂ ਲੋਕ ਅੱਤਵਾਦ ਖਿਲਾਫ ਲੜਨ ਲਈ ਪਾਕਿਸਤਾਨ ਨੂੰ ਹਰ ਸਾਲ ਵੱਡੀ ਮਾਤਰਾ ਵਿਚ ਪੈਸੇ ਦਿੰਦੇ ਹਾਂ, ਉਨ੍ਹਾਂ ਨੂੰ ਇਸ ਮੁੱਦੇ ਉੱਤੇ ਸਾਡੀ ਮਦਦ ਕਰਨੀ ਹੀ ਹੋਵੇਗੀ।
ਸੋਮਵਾਰ ਨੂੰ ਆਪਣੀ ਨਵੀਂ ਸੁਰੱਖਿਆ ਨੀਤੀ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਆਪਣੀ ਅਤੇ ਉਸ ਦੇ ਸਹਿਯੋਗੀਆਂ ਦੀ ਸੁਰੱਖਿਆ ਲਈ ਹਰ ਕਦਮ ਚੁੱਕੇਗਾ। ਉਨ੍ਹਾਂ ਕਿਹਾ ਕਿ ਰੂਸ ਅਤੇ ਚੀਨ ਵੱਡੀ ਸ਼ਕਤੀਆਂ ਹਨ ਜੋ ਅਮਰੀਕਾ ਦੇ ਪ੍ਰਭਾਵ ਖਿਲਾਫ ਅੱਗੇ ਵਧ ਰਹੀਆਂ ਹਨ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਨ੍ਹਾਂ ਨਾਲ ਵੀ ਮਿਲ ਕੇ ਅੱਗੇ ਵਧ ਸਕੀਏ। ਟਰੰਪ ਨੇ ਐਲਾਨ ਕੀਤਾ ਕਿ ਸਾਡਾ ਮੁੱਖ ਫੋਕਸ ਅਮਰੀਕੀ ਲੋਕਾਂ ਦੀ ਸੁਰੱਖਿਆ ਹੀ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਹਾਫਿਜ਼ ਸਈਦ ਦੀ ਰਿਹਾਈ ਉੱਤੇ ਅਮਰੀਕਾ ਨੇ ਪਾਕਿਸਤਾਨ ਨੂੰ ਫਟਕਾਰ ਲਗਾਈ ਸੀ। ਉਦੋਂ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਸੀ। ਟਰੰਪ ਨੇ ਕਿਹਾ ਸੀ ਕਿ ਹਾਫਿਜ਼ ਸਈਦ ਦੀ ਰਿਹਾਈ ਦਾ ਖਾਮਿਆਜ਼ਾ ਦੋ-ਪੱਖੀ ਸਬੰਧਾਂ ਨੂੰ ਭੁਗਤਣਾ ਪਏਗਾ। ਡੋਨਾਲਡ ਟਰੰਪ ਦੀ ਪ੍ਰੈਸ ਸਕੱਤਰ ਸਾਰਾ ਹਕਾਬੀ ਸੈਂਡਰਸ ਨੇ ਸ਼ਨੀਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ, ਅਮਰੀਕਾ ਸਈਦ ਦੀ ਨਜ਼ਰਬੰਦੀ ਤੋਂ ਰਿਹਾਈ ਦੀ ਸਖਤ ਆਲੋਚਨਾ ਕਰਦਾ ਹੈ ਅਤੇ ਉਸ ਦੀ ਤੁਰੰਤ ਦੁਬਾਰਾ ਗ੍ਰਿਫਤਾਰੀ ਦੀ ਮੰਗ ਕਰਦਾ ਹੈ। ਬਿਆਨ ਮੁਤਾਬਕ ਜੇਕਰ ਪਾਕਿਸਤਾਨ ਸਈਦ ਉੱਤੇ ਕਾਨੂੰਨੀ ਰੂਪ ਤੋਂ ਕਾਰਵਾਈ ਨਹੀਂ ਕਰ ਸਕਦਾ ਅਤੇ ਉਸ ਦੇ ਗੁਨਾਹਾਂ ਲਈ ਉਸ ਉੱਤੇ ਮੁਕੱਦਮਾ ਨਹੀਂ ਲਗਾ ਸਕਦਾ ਤਾਂ ਪਾਕਿਸਤਾਨ ਦੀ ਅਸਮਰੱਥਾ ਦਾ ਖਾਮਿਆਜ਼ਾ ਦੋਵਾਂ ਦੇਸ਼ਾਂ ਦੇ ਦੋ-ਪੱਖੀ ਸਬੰਧਾਂ ਅਤੇ ਪਾਕਿਸਤਾਨ ਦੀ ਸੰਸਾਰਿਕ ਪ੍ਰਤੀਸ਼ਠਾ ਨੂੰ ਭੁਗਤਣਾ ਪਏਗਾ।


Related News