ਅਫਗਾਨਿਸਤਾਨ ਫੌਜ ਭੇਜਣ ਤੋਂ ਟਰੂਡੋ ਦਾ ਕੋਰਾ ਇਨਕਾਰ
Saturday, Aug 26, 2017 - 01:16 AM (IST)
ਓਟਾਵਾ — ਲਿਬਰਲ ਸਰਕਾਰ ਵੱਲੋਂ ਅਮਰੀਕਾ ਦੀ ਤਰਜ਼ 'ਤੇ ਮਿਜ਼ਾਈਲ ਡਿਫੈਂਸ ਜਾਂ ਮੁੜ ਫੌਜੀ ਟੁਕੜੀਆਂ ਅਫਗਾਨਿਸਤਾਨ ਭੇਜਣ ਸਬੰਧੀ ਜਾਰੀ ਕਿਆਸਅਰਾਈਆਂ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਰਾਮ ਲਾਉਂਦਿਆਂ ਆਖਿਆ ਕਿ ਅਜਿਹਾ ਕੁੱਝ ਨਹੀਂ ਹੋਣ ਵਾਲਾ।
ਉੱਤਰੀ ਕੋਰੀਆ ਵੱਲੋਂ ਤਿਆਰ ਕੀਤੇ ਜਾ ਰਹੇ ਪ੍ਰਮਾਣੂ ਜ਼ਖੀਰੇ ਦੇ ਮੱਦੇਨਜ਼ਰ ਪਿਛਲੇ ਕੁੱਝ ਦਿਨਾਂ ਤੋਂ ਇਹ ਸਵਾਲ ਸਿਰ ਚੁੱਕ ਰਿਹਾ ਸੀ ਕਿ ਕੀ ਕੈਨੇਡਾ ਨੂੰ ਅਮਰੀਕਾ ਦੇ ਕੌਂਟੀਨੈਂਟਲ ਮਿਜ਼ਾਈਲ ਡਿਫੈਂਸ ਸ਼ੀਲਡ ਦਾ ਹਿੱਸਾ ਹੋਣਾ ਚਾਹੀਦਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਕੈਨੇਡਾ ਨੇ 2005 'ਚ ਵੰਡੀਆਂ ਵਾਲੀ ਕੌਮੀ ਬਹਿਸ ਤੋਂ ਬਾਅਦ ਬਾਲਿਸਟਿਕ ਮਿਜ਼ਾਈਲ ਡਿਫੈਂਸ ਦਾ ਰਾਹ ਚੁਣਿਆ ਸੀ ਪਰ ਬਹੁਤ ਸਾਰੇ ਰੱਖਿਆ ਮਾਹਿਰਾਂ ਅਤੇ ਪਾਰਲੀਆਮੈਂਟੇਰੀਅਨਜ਼, ਜਿਨ੍ਹਾਂ 'ਚ ਕੁੱਝ ਲਿਬਰਲ ਵੀ ਸ਼ਾਮਲ ਸੀ, ਇਸ ਮੁੱਦੇ ਨੂੰ ਮੁੜ ਖੁੱਲ੍ਹਵਾਉਣਾ ਚਾਹੁੰਦੇ ਸਨ।
ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਹਜ਼ਾਰਾਂ ਫੌਜੀ ਟੁਕੜੀਆਂ ਮੁੜ ਅਫਗਾਨਿਸਤਾਨ ਭੇਜਣ ਦਾ ਫੈਸਲਾ ਕਰ ਲਿਆ ਹੈ। ਹੁਣ ਇਸ ਨਾਲ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਕੈਨੇਡਾ ਨੂੰ ਵੀ ਅਜਿਹਾ ਕਰਨ ਲਈ ਅਮਰੀਕਾ ਵੱਲੋਂ ਆਖਿਆ ਜਾਵੇਗਾ। ਬੁੱਧਵਾਰ ਨੂੰ ਮਾਂਟਰੀਅਲ 'ਚ ਗੱਲ ਕਰਦਿਆਂ ਟਰੂਡੋ ਵੱਲੋਂ ਦੋਵਾਂ ਵਿਚਾਰਾਂ ਨੂੰ ਝਟਕਾ ਦਿੱਤਾ ਗਿਆ। ਫੈਡਰਲ ਅਤੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਪਸ਼ਟ ਤੌਰ 'ਤੇ ਆਖਿਆ ਕਿ ਅਜਿਹੇ ਮਾਮਲਿਆਂ 'ਚ ਅਸੀਂ ਉਹੀ ਫੈਸਲਾ ਲਵਾਂਗੇ ਜਿਹੜਾ ਕੈਨੇਡੀਅਨਾਂ ਦੇ ਹਿੱਤਾਂ 'ਚ ਹੋਵੇਗਾ।
ਉਨ੍ਹਾਂ ਇਹ ਵੀ ਆਖਿਆ ਕਿ ਇਨ੍ਹਾਂ 2 ਮੁੱਦਿਆਂ 'ਤੇ ਸਾਡਾ ਫੈਸਲਾ ਜਲਦੀ ਬਦਲਣ ਵਾਲਾ ਨਹੀਂ। ਬਾਲਿਸਟਿਕ ਮਿਜ਼ਾਈਲ ਡਿਫੈਂਸ ਵਾਲੀ ਟਿੱਪਣੀ ਲਿਬਰਲ ਸਰਕਾਰ ਵੱਲੋਂ ਹੁਣ ਤੱਕ ਆਇਆ ਸਾਰਿਆਂ ਨਾਲੋਂ ਸਖ਼ਤ ਬਿਆਨ ਮੰਨਿਆ ਜਾ ਰਿਹਾ ਹੈ। ਇਸ ਤੋਂ ਪਿਛਲੇ ਕੁੱਝ ਹਫਤਿਆਂ 'ਚ ਇਸ ਸਬੰਧੀ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਲਿਬਰਲ ਸਰਕਾਰ ਟਾਲਾ ਹੀ ਵੱਟਦੀ ਰਹੀ ਹੈ।
