ਕੋਰੋਨਾ ਸੰਕਟ 'ਚ ਰਾਸ਼ਟਰ ਨੂੰ ਸੰਬੋਧਨ 'ਤੇ ਟਰੂਡੋ ਨੇ ਬੰਨ੍ਹੇ ਸਿੱਖਾਂ ਦੀ ਸ਼ਲਾਘਾ ਦੇ ਪੁਲ
Thursday, Apr 02, 2020 - 12:57 PM (IST)
ਓਟਾਵਾ : ਕੋਰੋਨਾ ਵਾਇਰਸ ਸੰਕਟ ਦੀ ਘੜੀ ਦੌਰਾਨ ਕੈਨੇਡਾ ਵਿਚ ਸਿੱਖਾਂ ਵਲੋਂ ਲੋੜਵੰਦਾਂ ਦੀ ਕੀਤੀ ਜਾ ਰਹੀ ਸਹਾਇਤਾ ਤੇ ਲੋਕਾਂ ਨੂੰ ਵੰਡੇ ਜਾ ਰਹੇ ਰਾਸ਼ਨ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਸਵੇਰੇ ਆਪਣੇ ਰਾਸ਼ਟਰੀ ਸੰਬੋਧਨ ਦੌਰਾਨ ਵੱਡੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ, "ਮੈਂ ਅੱਜ ਸਵੇਰ ਨੂੰ ਸਾਰਿਆਂ ਨੂੰ ਸਿੱਖ ਵਿਰਾਸਤ ਮਹੀਨੇ ਦੀ ਮੁਬਾਰਕਬਾਦ ਦੇ ਕੇ ਸ਼ੁਰੂਆਤ ਕਰਨਾ ਚਾਹੁੰਦਾ ਹਾਂ"
ਪੀ. ਐੱਮ. ਟਰੂਡੋ ਨੇ ਕਿਹਾ, "ਹਰ ਰੋਜ਼, ਸਿੱਖ-ਕੈਨੇਡੀਅਨ ਸਾਡੇ ਸ਼ਹਿਰਾਂ ਅਤੇ ਆਸਪਾਸ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਇਸ ਸਮੇਂ, ਜਦੋਂ ਲੋਕਾਂ ਨੂੰ ਬਹੁਤ ਮਦਦ ਦੀ ਲੋੜ ਹੈ, ਤੁਸੀਂ ਇਕ ਵਾਰ ਫਿਰ ਤੋਂ ਅੱਗੇ ਆ ਰਹੇ ਹੋ।”
ਸਿੱਖਾਂ ਵਲੋਂ ਰੈਜੀਨਾ ਤੇ ਮਿਸੀਸਾਗਾ ਵਿਚ ਭਰਪੂਰ ਸੇਵਾ ਕਾਰਜ ਕੀਤਾ ਜਾ ਰਿਹਾ ਹੈ। ਕੋਵਿਡ-19 ਕਾਰਨ ਵਿੱਤੀ ਪ੍ਰੇਸ਼ਾਨੀ ਵਿਚ ਫਸੇ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। 'ਗੁਰੂ ਨਾਨਕ' ਫ੍ਰੀ ਕਿਚਨ ਚਲਾਈ ਜਾ ਰਹੀ ਹੈ ਤੇ ਹਰ ਐਤਵਾਰ ਨੂੰ ਲੰਗਰ ਵੀ ਲਾਏ ਜਾ ਰਹੇ ਹਨ। ਟਰੂਡੋ ਨੇ ਕਿਹਾ ਕਿ ਇਹ ਦਿਖਾਉਂਦਾ ਹੈ ਕਿ ਅਸੀਂ ਸਾਰੇ ਇਕੱਠੇ ਇਕ-ਦੂਜੇ ਦਾ ਸਮਰਥਨ ਕਰਦੇ ਹਾਂ। ਤੁਸੀਂ ਆਪਣਾ ਯੋਗਦਾਨ ਕਰ ਰਹੇ ਹੋ ਅਤੇ ਹੋਰ ਬਹੁਤ ਸਾਰੇ ਲੋਕ ਵੀ ਅਜਿਹਾ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ 27 ਮਾਰਚ ਨੂੰ, ਰੇਜੀਨਾ ਦੀ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਕੋਵਿਡ-19 ਕਾਰਨ ਆਰਥਿਕ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਮੁਫਤ ਕਰਿਆਨੇ ਦਾ ਰਾਸ਼ਨ ਵੰਡਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ 9000 ਤੋਂ ਜ਼ਿਆਦਾ ਹੋ ਗਏ ਹਨ। ਸਭ ਤੋਂ ਵੱਧ ਓਂਟਾਰੀਓ, ਕਿਊਬਿਕ ਅਤੇ ਅਲਬਰਟਾ ਵਿਚ ਹਨ।