ਟਰੂਡੋ ਨੇ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਲਈ ਵਰਤਿਆ ਖਾਲਿਸਤਾਨ ਦਾ ਮੁੱਦਾ...

09/20/2023 5:08:29 PM

ਜਲੰਧਰ : ਭਾਰਤ ਵਿਚ ਜੀ-20 ਕਾਨਫਰੰਸ ’ਚ ਹਿੱਸਾ ਲੈਣ ਲਈ ਜਸਟਿਨ ਟਰੂਡੋ ਨੇ ਕਾਨਫਰੰਸ ਦੌਰਾਨ ਤਰਜੀਹ ਨਾ ਮਿਲਣ ’ਤੇ ਕੈਨੇਡਾ ’ਚ ਆਪਣਾ ਗੁੱਸਾ ਕੱਢਿਆ ਹੈ। ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਵਿਚ ਖੜੇ ਹੋ ਕੇ ਭਾਰਤੀ ਏਜੰਸੀਆਂ ’ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਲਗਾਏ। ਸਿਆਸਤ ਹਲਕਿਆਂ ਵਿਚ ਇਸਨੂੰ ਟਰੂਡੋ ਦਾ ਘਰੇਲੂ ਮੁੱਦਿਆਂ ਤੋਂ ਧਿਆਨ ਹਟਾਉਣ ਦਾ ਪੈਂਤਰਾ ਵੀ ਮੰਨਿਆ ਜਾ ਰਿਹਾ ਹੈ। ਦਰਅਸਲ ਇਸ ਸਾਲ ਕੈਨੇਡਾ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਚੰਗੀ ਨਹੀਂ ਰਹੀ ਹੈ ਅਤੇ ਕੈਨੇਡਾ ਦੀ ਜਨਤਾ ਮਹਿੰਗਾਈ ਦੇ ਨਾਲ-ਨਾਲ ਅਰਥਵਿਵਸਥਾ ਨਾਲ ਜੁੜੇ ਹੋਰ ਮੁੱਦਿਆਂ ਨਾਲ ਜੂਝ ਰਹੀ ਹੈ ਅਤੇ ਵਿਆਜ਼ ਦਰਾਂ ਲਗਾਤਾਰ ਵਧ ਰਹੀਆਂ ਹਨ। ਕੈਨੇਡਾ ਵਿਚ ਮਕਾਨ ਖਰੀਦਣ ਵਾਲਿਆਂ ਲਈ ਮੋਰਟਗੇਜ ਦਾ ਸਮਾਂ 30 ਤੋਂ ਵੱਧ ਕੇ 40 ਸਾਲ ਹੋ ਗਿਆ ਹੈ। ਕੈਨੇਡਾ ਦੇ ਇਨ੍ਹਾਂ ਗੰਭੀਰ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਹੀ ਜਸਟਿਨ ਟਰੂਡੋ ਨੇ ਖਾਲਿਸਤਾਨ ਦਾ ਰਾਗ ਛੇੜ ਦਿੱਤਾ ਹੈ ਅਤੇ ਕਿਹਾ ਹੈ ਕਿ ਕੈਨੇਡਾ ਕਿਸੇ ਵੀ ਤਰ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕਰਦਾ ਹੈ।

ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਜਦੋਂ ਭਾਰਤ ਆਏ ਸਨ ਤਾਂ ਉਨ੍ਹਾਂ ਦਾ ਸਰਕਾਰੀ ਜਹਾਜ਼ ਖਰਾਬ ਹੋ ਗਿਆ ਸੀ, ਲਿਹਾਜ਼ਾ ਉਨ੍ਹਾਂ ਨੂੰ ਆਪਣੇ ਤੈਅ ਦੌਰੇ ਤੋਂ 2 ਦਿਨ ਜ਼ਿਆਦਾ ਭਾਰਤ ਵਿਚ ਬਿਤਾਉਣੇ ਪਏ। ਇਸ ਦੌਰਾਨ ਭਾਰਤ ਵਲੋਂ ਕਿਸੇ ਸੀਨੀਅਰ ਮੰਤਰੀ ਨੇ ਜਸਟਿਨ ਟਰੂਡੋ ਨਾਲ ਮੁਲਾਕਾਤ ਨਹੀਂ ਕੀਤੀ। ਜਸਟਿਨ ਟਰੂਡੋ ਇਸ ਗੱਲ ਤੋਂ ਵੀ ਖਫਾ ਨਜ਼ਰ ਆ ਰਹੇ ਸਨ ਅਤੇ ਵਤਨ ਵਾਪਸੀ ’ਤੇ ਉਨ੍ਹਾਂ ਨੇ ਆਪਣਾ ਉਹ ਦਾਅ ਚਲਾ ਦਿੱਤਾ ਜਿਸ ਨਾਲ ਭਾਰਤ ਨੂੰ ਪ੍ਰੇਸ਼ਾਨੀ ਹੋਵੇ ਅਤੇ ਉਨ੍ਹਾਂ ਦਾ ਖਾਲਿਸਤਾਨੀ ਵੋਟ ਬੈਂਕ ਵੀ ਉਨ੍ਹਾਂ ਲਈ ਪੱਕਾ ਹੋ ਜਾਵੇ। ਇਹ ਮਹਿਜ਼ ਇਤਫ਼ਾਕ ਦੀ ਹੀ ਗੱਲ ਨਹੀਂ ਹੈ ਕਿ ਜਸਟਿਨ ਟਰੂਡੋ ਦੇ ਭਾਰਤ ਤੋਂ ਕੈਨੇਡਾ ਪਰਤਦੇ ਹੀ ਕੈਨੇਡਾ ਦੇ ਖਾਲਿਸਤਾਨੀਆਂ ਨੇ ਭਾਰਤ ਵਿਰੁੱਧ ਖੁੱਲ੍ਹ ਕੇ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੈਨੇਡਾ ਦੇ ਹਿੰਦੂਆਂ ਨੂੰ ਦੇਸ਼ ਛੱਡਣ ਦੀ ਚਿਤਾਵਨੀ ਦੇ ਦਿੱਤੀ। ਇਸ ਦੌਰਾਨ ਯੂ. ਕੇ. ਵਿਚ ਸਿੱਖ ਫੈੱਡਰੇਸ਼ਨ ਆਫ ਯੂ. ਕੇ. ਨੇ ਆਪਣੀ 20ਵੀਂ ਵਰ੍ਹੇਗੰਢ ’ਤੇ ਮੀਟਿੰਗ ਕਰ ਕੇ 2047 ਤੱਕ ਭਾਰਤ ਦੇ ਟੁਕੜੇ-ਟੁਕੜੇ ਹੋਣ ਦਾ ਐਲਾਨ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ, ਆਸਟ੍ਰੇਲੀਆ ਨੇ ਟਰੂਡੋ ਨੂੰ ਕਿਹਾ-ਨਾ ਬਾਬਾ ਨਾ, ਭਾਰਤ ਨਾਲ ਵਾਰਤਾ ਰੱਖਾਂਗੇ ਜਾਰੀ

ਇਸੇ ਦੌਰਾਨ ਆਸਟ੍ਰੇਲੀਆ ’ਚ ਮਾਰਚ ਵਿਚ ਮੰਦਰਾਂ ’ਤੇ ਹੋਏ ਹਮਲਿਆਂ ਸਬੰਧੀ ਇਕ ਰਿਪੋਰਟ ਵੀ ਆਈ ਸੀ, ਜਿਸ ਵਿਚ ਇਨ੍ਹਾਂ ਮੰਦਰਾਂ ’ਤੇ ਹਮਲਿਆਂ ਪਿੱਛੇ ਹਿੰਦੂ ਸੰਗਠਨਾਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਕੈਨੇਡਾ, ਆਸਟ੍ਰੇਲੀਆ, ਯੂ. ਕੇ. ਅਤੇ ਯੂ. ਐੱਸ. ਏ. ਖਾਲਿਸਤਾਨੀ ਭਾਰਤ ਦੇ ਖਿਲਾਫ ਇਕ ਵੱਡੀ ਮੁਹਿੰਮ ਚਲਾ ਰਹੇ ਹਨ ਅਤੇ ਇਹ ਸਾਰੀਆਂ ਖਾਲਿਸਤਾਨੀ ਜਥੇਬੰਦੀਆਂ ਇਕ-ਦੂਜੇ ਨਾਲ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ।
ਕੈਨੇਡਾ ’ਚ ਵਧ ਰਹੇ ਖਾਲਿਸਤਾਨੀਆਂ ਦਾ ਪ੍ਰਭਾਵ ਯੂ. ਕੇ., ਆਸਟ੍ਰੇਲੀਆ ਅਤੇ ਅਮਰੀਕਾ ’ਚ ਮਹਿਸੂਸ ਕੀਤਾ ਜਾ ਰਿਹਾ ਹੈ। ਭਾਰਤ ’ਚ ਵੀ ਇਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਨ੍ਹਾਂ ਦੇਸ਼ਾਂ ’ਚ ਵੀ ਭਾਰਤ ਖਿਲਾਫ ਗਤੀਵਿਧੀਆਂ ਵਧ ਰਹੀਆਂ ਹਨ ਅਤੇ ਭਾਰਤੀ ਦੂਤਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

4 ਮਹੀਨਿਆਂ ’ਚ ਇੰਝ ਵਿਗੜੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ

ਜੂਨ 2023
ਕੈਨੇਡਾ ਵਿਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲਾਂ ਦੀ ਵਡਿਆਈ ਕਰਦੀ ਇਕ ਪਰੇਡ ਕੱਢੀ ਗਈ, ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਲਈ ਕੈਨੇਡਾ ਦਾ ਵਿਰੋਧ ਕੀਤਾ।
ਸਤੰਬਰ 2023
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲ ਕੈਨੇਡਾ ਵਿਚ ਭਾਰਤ ਵਿਰੋਧੀ ਪ੍ਰਦਰਸ਼ਨਾਂ ਦਾ ਮੁੱਦਾ ਉਠਾਇਆ।
ਸਤੰਬਰ 2023
ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐਂਜੀ ਨੇ ਅਕਤੂਬਰ ਵਿਚ ਭਾਰਤ ’ਚ ਸਥਾਪਤ ਕੀਤੇ ਜਾਣ ਵਾਲੇ ਟਰੇਡ ਮਿਸ਼ਨ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ।
ਸਤੰਬਰ 2023
ਭਾਰਤ ਨੇ ਕੈਨੇਡਾ ਨਾਲ ਹੋਣ ਵਾਲੇ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਬੰਦ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News