ਟਰੂਡੋ ਨੇ ਕੀਤੀ ਟਰੰਪ ਦੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਹੋਣ ਦੀ ਆਲੋਚਨਾ, ਫੋਨ ਕਰਕੇ ਕਿਹਾ...

Friday, Jun 02, 2017 - 02:15 PM (IST)

ਟਰੂਡੋ ਨੇ ਕੀਤੀ ਟਰੰਪ ਦੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਹੋਣ ਦੀ ਆਲੋਚਨਾ, ਫੋਨ ਕਰਕੇ ਕਿਹਾ...

ਓਟਾਵਾ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਹਟਣ ਦਾ ਐਲਾਨ ਕਰਕੇ ਖਲਬਲੀ ਮਚਾ ਦਿੱਤੀ ਹੈ। ਦੁਨੀਆ ਭਰ ਦੇ ਨੇਤਾਵਾਂ ਨੇ ਇਸ ਦੀ ਆਲੋਚਨਾ ਕੀਤੀ ਹੈ। ਇਸੇ ਲੜੀ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਨੂੰ ਫੋਨ ਕਰਕੇ ਇਸ ਫੈਸਲੇ ਦੀ ਨਿਖੇਧੀ ਕੀਤੀ। ਪ੍ਰਧਾਨ ਮੰਤਰੀ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ ਨੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਸੰਬੰਧਾਂ ਬਾਰੇ ਵੀ ਗੱਲਬਾਤ ਕੀਤੀ। 
ਟਰੂਡੋ ਨੇ ਆਪਣੇ ਬਿਆਨ ਵਿਚ ਕਿਹਾ ਕਿ ਟਰੰਪ ਦੇ ਇਸ ਐਲਾਨ ਤੋਂ ਬਾਅਦ ਉਹ ਦੁਖੀ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਇਸ ਦੁਨੀਆ ਨੂੰ ਬਿਹਤਰ ਬਣਾਉਣ ਅਤੇ ਵਾਤਾਵਰਣ ਨੂੰ ਆਪਣੇ ਬੱਚਿਆਂ ਲਈ ਹੋਰ ਸਾਫ ਬਣਾਉਣ ਲਈ ਤੱਤਪਰ ਹੈ ਅਤੇ ਇਸ ਲਈ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਜਾਣਦਾ ਹੈ ਕਿ ਜਲਵਾਯੂ ਪਰਵਿਰਤਨ ਨੂੰ ਰੋਕਣ ਲਈ ਹੁਣੇ ਕੋਈ ਕਾਰਗਰ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਨੂੰ ਇਸ ਕੰਮ ਲਈ ਮਨਾਉਣ ਲਈ ਉਹ ਕੋਸ਼ਿਸ਼ਾਂ ਕਰਦੇ ਰਹਿਣਗੇ। 
ਫਰਾਂਸ ਦੇ ਨਵੇਂ ਚੁਣੇ ਰਾਸ਼ਟਰਪਤੀ ਨੇ ਵੀ ਟਰੰਪ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਟਰੰਪ ਦੇ ਫੈਸਲੇ ਦਾ ਸਨਮਾਨ ਕਰਦੇ ਹਨ ਪਰ ਇਹ ਦੁਨੀਆ ਅਤੇ ਅਮਰੀਕਾ ਲਈ ਠੀਕ ਨਹੀਂ ਹੈ। ਇੱਥੇ ਦੱਸ ਦੇਈਏ ਕਿ ਟਰੰਪ ਨੇ ਕਿਹਾ ਕਿ ਪੈਰਿਸ ਜਲਵਾਯੂ ਸਮਝੌਤੇ ਵਿਚ ਨਹੀਂ ਰਹਿਣਗੇ। ਉਹ ਇਕ ਨਵਾਂ ਸਮਝੌਤਾ ਕਰਨਗੇ, ਜਿਸ ਵਿਚ ਉਹ ਅਮਰੀਕੀਆਂ ਦੇ ਹੱਕਾਂ ਅਤੇ ਨੌਕਰੀਆਂ ਦੀ ਰੱਖਿਆ ਵੀ ਕਰਨਗੇ।


author

Kulvinder Mahi

News Editor

Related News