ਭਾਰਤ 'ਤੇ ਦੋਸ਼ ਲਗਾ ਕੇ ਬੁਰੇ ਫਸੇ ਟਰੂਡੋ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦਾ ਬਿਆਨ ਆਇਆ ਸਾਹਮਣੇ

Tuesday, Sep 26, 2023 - 03:28 PM (IST)

ਟੋਰਾਂਟੋ (ਭਾਸ਼ਾ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਭਾਰਤ ਖ਼ਿਲਾਫ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਗਾਏ ਗਏ ਦੋਸ਼ਾਂ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਅਤੇ ਇਨ੍ਹਾਂ ਦੋਸ਼ਾਂ ਦੇ ਜਨਤਕ ਹੋਣ ਤੋਂ ਇਕ ਘੰਟਾ ਪਹਿਲਾਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ। ਖਾਲਿਸਤਾਨੀ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਹੀ ਹੱਤਿਆ ਕਰ ਦਿੱਤੀ ਗਈ ਸੀ। ਸੂਬੇ ਦੇ ਪ੍ਰੀਮੀਅਰ ਡੇਵਿਡ ਏਬੀ ਵੱਲੋਂ ਇਹ ਟਿੱਪਣੀਆਂ ਉਦੋਂ ਆਈਆਂ, ਜਦੋਂ ਉਹਨਾਂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਟਰੂਡੋ ਨਾਲ ਮੁਲਾਕਾਤ ਕੀਤੀ। ਉਸੇ ਦਿਨ ਕੁਝ ਖਾਲਿਸਤਾਨ ਸਮਰਥਕਾਂ ਨੇ ਵੈਨਕੂਵਰ, ਓਟਾਵਾ ਅਤੇ ਟੋਰਾਂਟੋ ਵਿੱਚ ਭਾਰਤੀ ਮਿਸ਼ਨਾਂ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀ। 

ਪ੍ਰੀਮੀਅਰ ਮੁਤਾਬਕ ਖੁਫੀਆ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਸੀ

ਏਬੀ ਨੇ ਸੀਟੀਵੀ ਨਿਊਜ਼ ਨੂੰ ਦੱਸਿਆ ਕਿ ਉਸ ਨੂੰ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ਪ੍ਰਧਾਨ ਮੰਤਰੀ ਦੇ ਭਾਰਤ ਵਿਰੁੱਧ ਦੋਸ਼ਾਂ ਦੇ ਜਨਤਕ ਹੋਣ ਤੋਂ ਲਗਭਗ ਇੱਕ ਘੰਟਾ ਪਹਿਲਾਂ ਪਤਾ ਲੱਗਾ। ਈਬੀ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਫੈਡਰਲ ਸਰਕਾਰ ਸੂਬਿਆਂ ਨਾਲ ਸੁਰੱਖਿਆ ਖੁਫੀਆ ਜਾਣਕਾਰੀ ਸਾਂਝੀ ਕਰੇ। ਪ੍ਰੀਮੀਅਰ ਨੇ ਜਸਟਿਨ ਟਰੂਡੋ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਟਰੂਡੋ ਨੂੰ ਨਿੱਝਰ ਦੇ ਕਤਲ ਬਾਰੇ ਖੁਫੀਆ ਜਾਣਕਾਰੀ ਸੀ ਤਾਂ ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਨਾਲ ਸਾਂਝੀ ਕਰਨੀ ਚਾਹੀਦੀ ਸੀ। 45 ਸਾਲਾ ਨਿੱਝਰ ਦੀ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ 2020 ਵਿੱਚ ਨਿੱਝਰ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਭਾਰਤ ਨੇ ਪ੍ਰਧਾਨ ਮੰਤਰੀ ਟਰੂਡੋ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਤਣਾਅਪੂਰਨ ਹੋ ਗਏ ਹਨ।

ਪ੍ਰੀਮੀਅਰ ਪ੍ਰੇਸ਼ਾਨ ਅਤੇ ਗੁੱਸੇ ਵਿਚ

ਸੀਟੀਵੀ ਨਿਊਜ਼ ਨੇ ਸੋਮਵਾਰ ਨੂੰ ਏਬੀ ਦੇ ਹਵਾਲੇ ਨਾਲ ਕਿਹਾ, "ਇਹ ਬਹੁਤ ਮਹੱਤਵਪੂਰਨ ਹੈ ਕਿ ਪ੍ਰੋਵਿੰਸਾਂ ਨੂੰ ਸ਼ੁਰੂਆਤੀ ਪੜਾਅ 'ਤੇ ਸੂਚਿਤ ਕੀਤਾ ਜਾਵੇ।" ਉਨ੍ਹਾਂ ਨੇ ਕਿਹਾ,"ਕਾਨੂੰਨ ਅਨੁਸਾਰ ਸੀਐਸਆਈਐਸ (ਕੈਨੇਡੀਅਨ ਸੁਰੱਖਿਆ ਇੰਟੈਲੀਜੈਂਸ ਸਰਵਿਸ) ਆਪਣੀ ਖੁਫੀਆ ਜਾਣਕਾਰੀ ਫੈਡਰਲ ਸਰਕਾਰ ਨਾਲ ਸਾਂਝੀ ਕਰ ਸਕਦੀ ਹੈ। ਇਸਦਾ ਮਤਲਬ ਇਹ ਹੈ ਕਿ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਕੀ ਕੀਤਾ, ਇਹ ਸਭ ਪਹਿਲਾਂ ਹੀ ਜਨਤਕ ਡੋਮੇਨ ਵਿੱਚ ਸੀ। ਇਹ ਸਹੀ ਨਹੀਂ ਹੈ। ਮੈਂ ਇਸ ਨੂੰ ਅਖ਼ਬਾਰਾਂ ਵਿਚ ਵੀ ਪੜ੍ਹ ਸਕਦਾ ਹਾਂ।'' ਟਰੂਡੋ ਦੇ ਦੋਸ਼ਾਂ ਤੋਂ ਬਾਅਦ ਏਬੀ ਨੇ ਕਿਹਾ ਕਿ ਉਹ ਇਸ ਜਾਣਕਾਰੀ ਤੋਂ ਬੇਹੱਦ ਪ੍ਰੇਸ਼ਾਨ ਅਤੇ ਗੁੱਸੇ ਵਿਚ ਹਨ। 

ਪੜ੍ਹੋ ਇਹ ਅਹਿਮ ਖ਼ਬਰ-'ਕੈਨੇਡਾ 'ਚ ਅੱਤਵਾਦੀਆਂ ਨੂੰ ਮਿਲੀ ਸੁਰੱਖਿਅਤ ਪਨਾਹਗਾਹ', ਸ੍ਰੀਲੰਕਾ ਦੇ ਮੰਤਰੀ ਨੇ ਟਰੂਡੋ 'ਤੇ ਵਿੰਨ੍ਹਿਆ ਨਿਸ਼ਾਨਾ

ਇਸ ਮੁੱਦੇ 'ਤੇ ਵੀ ਹੋਈ ਚਰਚਾ

ਟਰੂਡੋ ਨੇ ਸੋਮਵਾਰ ਨੂੰ ਏ.ਬੀ. ਨਾਲ ਮੁਲਾਕਾਤ ਕੀਤੀ। ਟਰੂਡੋ ਦੇ ਦਫਤਰ ਮੁਤਾਬਕ ਦੋਹਾਂ ਨੇਤਾਵਾਂ ਨੇ ਇਸ ਗੱਲ 'ਤੇ ਚਰਚਾ ਕੀਤੀ ਕਿ ਕਿਵੇਂ ਸਾਰੀਆਂ ਸਰਕਾਰਾਂ ਕੈਨੇਡੀਅਨਾਂ ਦੀ ਭਲਾਈ ਲਈ ਮਿਲ ਕੇ ਅਤੇ ਲਗਾਤਾਰ ਕੰਮ ਕਰ ਸਕਦੀਆਂ ਹਨ। ਉਨ੍ਹਾਂ ਦੀ ਗੱਲਬਾਤ ਦੇ ਵਿਸ਼ਿਆਂ ਵਿੱਚ ਜਨਤਕ ਸੁਰੱਖਿਆ ਅਤੇ ਹੋਰ ਮੁੱਦੇ ਸ਼ਾਮਲ ਸਨ। ਗੌਰਤਲਬ ਹੈ ਕਿ ਸ਼ੁੱਕਰਵਾਰ ਨੂੰ ਟਰੂਡੋ ਨੇ ਕਿਹਾ ਕਿ ਕੈਨੇਡਾ ਨੇ "ਕਈ ਹਫ਼ਤੇ ਪਹਿਲਾਂ" ਨਿੱਝਰ ਦੀ ਹੱਤਿਆ ਦੇ ਸਬੂਤ ਭਾਰਤ ਨਾਲ ਸਾਂਝੇ ਕੀਤੇ ਸਨ। ਉਸਨੇ ਕਿਹਾ ਸੀ ਕਿ ਉਹ ਚਾਹੁੰਦਾ ਹੈ ਕਿ ਨਵੀਂ ਦਿੱਲੀ ਇਸ "ਬਹੁਤ ਗੰਭੀਰ ਮਾਮਲੇ" ਵਿੱਚ ਤੱਥਾਂ ਨੂੰ ਸਥਾਪਤ ਕਰਨ ਲਈ ਓਟਾਵਾ ਨਾਲ ਰਚਨਾਤਮਕ ਤੌਰ 'ਤੇ ਸ਼ਮੂਲੀਅਤ ਕਰੇ। ਉੱਧਰ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ (MEA) ਨੇ ਕਿਹਾ ਕਿ "ਕੈਨੇਡਾ ਵੱਲੋਂ ਇਸ ਮਾਮਲੇ 'ਤੇ ਉਦੋਂ ਜਾਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।" 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News