ਕੈਨੇਡਾ-ਚੀਨ 'ਚ ਖੜਕੀ, ਸਿਰਦਰਦੀ ਬਣੀ ਚੀਨੀ ਕੰਪਨੀ ਹੁਵਾਵੇ ਦੀ CFO

06/20/2020 11:02:32 AM

ਓਟਾਵਾ— ਕੈਨੇਡਾ ਵੱਲੋਂ ਦਸੰਬਰ 2018 'ਚ ਵੈਨਕੁਵਰ 'ਚ ਗ੍ਰਿਫਤਾਰ ਕੀਤੀ ਗਈ ਹੁਵਾਵੇ ਦੀ ਸੀ. ਐੱਫ. ਓ. ਹੁਣ ਉਸ ਲਈ ਸਿਰਦਰਦੀ ਬਣਦੀ ਜਾ ਰਹੀ ਹੈ। ਚੀਨ ਨੇ ਕੈਨੇਡਾ 'ਤੇ ਦਬਾਅ ਵਧਾਉਣ ਲਈ ਹੁਣ ਉਸ ਦੇ ਦੋ ਨਾਗਰਿਕਾਂ 'ਤੇ ਜਾਸੂਸੀ ਦੇ ਦੋਸ਼ਾਂ 'ਚ ਅਧਿਕਾਰਤ ਤੌਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਸੰਬਰ 2018 'ਚ ਹੁਵਾਵੇ ਦੀ ਮੁੱਖ ਵਿੱਤ ਅਧਿਕਾਰੀ (ਸੀ. ਐੱਫ. ਓ.) ਦੀ ਗ੍ਰਿਫਤਾਰੀ ਦੇ ਕੁਝ ਦਿਨਾਂ ਪਿੱਛੋਂ ਹੀ ਚੀਨ ਨੇ ਵੀ ਦੋ ਕੈਨੇਡੀਅਨਾਂ- ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਅਤੇ ਕਾਰੋਬਾਰੀ ਮਾਈਕਲ ਸਪਾਇਰ ਨੂੰ ਹਿਰਾਸਤ 'ਚ ਲੈ ਲਿਆ ਸੀ, ਜਿਨ੍ਹਾਂ 'ਤੇ ਹੁਣ ਜਾਸੂਸੀ ਦੇ ਦੋਸ਼ਾਂ 'ਚ ਮੁਕੱਦਮਾ ਚਲਾਉਣ ਦੀ ਤਿਆਰੀ ਹੈ।

PunjabKesari

ਹੁਵਾਵੇ ਦੀ ਸੀ. ਐੱਫ. ਓ. ਮੇਂਗ ਵਾਂਜ਼ੂ ਧੋਖਾਧੜੀ ਦੇ ਦੋਸ਼ਾਂ 'ਚ ਅਮਰੀਕਾ 'ਚ ਲੋਂੜੀਦੀ ਹੈ, ਜੋ ਇਸ ਵਕਤ ਵੈਨਕੁਵਰ ਘਰ 'ਚ ਨਜ਼ਰਬੰਦ ਹੈ ਅਤੇ ਕੈਨੇਡਾ 'ਚ ਹਵਾਲਗੀ ਪ੍ਰਕਿਰਿਆ ਦਾ ਸਾਹਮਣਾ ਕਰ ਰਹੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਚੀਨ ਨੇ ਦੋ ਕੈਨੇਡੀਅਨਾਂ 'ਤੇ ਅਧਿਕਾਰਤ ਤੌਰ 'ਤੇ ਕਾਰਵਾਈ ਇਸ ਲਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੈਨੇਡਾ ਚੀਨੀ ਕੰਪਨੀ ਹੁਵਾਵੇ ਦੀ ਪ੍ਰਮੁੱਖ ਅਧਿਕਾਰੀ ਨੂੰ ਅਮਰੀਕਾ ਹਵਾਲੇ ਨਾ ਕਰੇ।

PunjabKesari

ਰਿਹਾਈ ਹੋਣਾ ਕਿੰਨਾ ਸੰਭਵ-
ਚੀਨ ਦਾ ਕਹਿਣਾ ਹੈ ਕਿ ਹਿਰਾਸਤ 'ਚ ਰੱਖੇ ਗਏ ਕੈਨੇਡੀਅਨਾਂ ਖਿਲਾਫ਼ ਮਾਮਲਾ ਮੈਂਗ ਨਾਲ ਨਹੀਂ ਜੁੜਿਆ ਹੋਇਆ ਪਰ ਸਾਬਕਾ ਡਿਪਲੋਮੈਟਾਂ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਕਦਮ ਕੈਨੇਡਾ 'ਤੇ ਹੁਵਾਵੇ ਦੀ ਸੀ. ਐੱਫ. ਓ. ਦੀ ਰਿਹਾਈ ਲਈ ਦਬਾਅ ਪਾਉਣ ਲਈ ਵਰਤਿਆ ਜਾ ਰਿਹਾ ਹੈ। ਉੱਥੇ ਹੀ, ਅਮਰੀਕਾ ਨੂੰ ਹਵਾਲਗੀ ਤੋਂ ਬਚਣ ਲਈ ਮੇਂਗ ਨੇ ਕੈਨੇਡਾ ਦੀ ਅਦਾਲਤ 'ਚ ਇਕ ਨਵੀਂ ਦਲੀਲ ਦਿੱਤੀ ਹੈ।

PunjabKesari

ਓਧਰ, ਚੀਨ ਨੇ ਸਪਾਇਰ 'ਤੇ ਨੈਸ਼ਨਲ ਸੀਕ੍ਰੇਟਸ ਤੇ ਸਟੇਟ ਸੀਕ੍ਰੇਟਸ ਦੀ ਜਾਸੂਸੀ ਕਰਨ ਅਤੇ ਚੀਨ ਤੋਂ ਬਾਹਰ ਦੀਆਂ ਸੰਸਥਾਵਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਇਨ੍ਹਾਂ ਨੂੰ ਮੁਹੱਈਆ ਕਰਾਉਣ ਦੇ ਦੋਸ਼ ਮੜ੍ਹੇ ਹਨ, ਜਦੋਂ ਕਿ ਕੋਵਰਿਗ 'ਤੇ ਬਾਹਰ ਦੀਆਂ ਸੰਸਥਾਵਾਂ ਲਈ ਚੀਨ ਦੇ ਨੈਸ਼ਨਲ ਸੀਕ੍ਰੇਟਸ ਅਤੇ ਖੁਫੀਆ ਜਾਸੂਸੀ ਦਾ ਦੋਸ਼ ਲਾਏ ਹਨ। 2012 ਤੋਂ 2016 ਵਿਚਕਾਰ ਚੀਨ 'ਚ ਕੈਨੇਡਾ ਦੇ ਰਾਜਦੂਤ ਰਹਿ ਚੁੱਕੇ ਸੈਂਟ ਜੈਕਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਸ਼ਾਂ ਨਾਲ ਦੋਹਾਂ ਕੈਨੇਡੀਅਨਾਂ ਦੀ ਸੁਰੱਖਿਅਤ ਰਿਹਾਈ ਕਰਾਉਣੀ ਹੋਰ ਮੁਸ਼ਕਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਚੀਨ 'ਚ ਇਕ ਵਾਰ ਅਧਿਕਾਰਤ ਤੌਰ 'ਤੇ ਕਾਰਵਾਈ ਸ਼ੁਰੂ ਹੋਣ ਨਾਲ ਤੁਹਾਨੂੰ 99.9 ਫੀਸਦੀ ਦੋਸ਼ੀ ਸਾਬਤ ਕਰ ਦਿੱਤਾ ਜਾਂਦਾ ਹੈ।

PunjabKesari
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਚੀਨ ਵੱਲੋਂ ਦੋ ਕੈਨੇਡੀਅਨਾਂ 'ਤੇ ਜਾਸੂਸੀ ਕਰਨ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਉਹ ਬਹੁਤ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਮਾਈਕਲਾਂ ਨੂੰ ਘਰ ਲਿਆਉਣ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਜਨਤਕ ਤੇ ਨਿੱਜੀ ਦਬਾਅ ਇਸਤੇਮਾਲ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਮੇਂਗ ਵਾਂਜ਼ੂ ਚੀਨੀ ਕੰਪਨੀ ਹੁਵਾਵੇ ਦੇ ਸੰਸਥਾਪਕ ਅਤੇ ਸੀ. ਈ. ਓ. ਰੇਨ ਝੇਂਗਫੇਈ ਦੀ ਪੁੱਤਰੀ ਹੈ।


Lalita Mam

Content Editor

Related News