ਬੀ. ਸੀ. ਚੋਣਾਂ ''ਚ NDP ਦੀ ਜਿੱਤ ''ਤੇ ਟਰੂਡੋ ਨੇ ਦਿੱਤੀ ਜੌਹਨ ਹੌਰਗਨ ਨੂੰ ਵਧਾਈ
Monday, Oct 26, 2020 - 07:51 PM (IST)
ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੀਆਂ ਵਿਧਾਨ ਸਭਾ ਚੋਣਾਂ 'ਚ ਇਤਿਹਾਸਕ ਜਿੱਤ ਲਈ ਐੱਨ. ਡੀ. ਪੀ. ਅਤੇ ਸੂਬੇ ਦੇ ਪ੍ਰੀਮੀਅਰ ਜੌਹਨ ਹੌਰਗਨ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰਗਨ ਨਾਲ ਮਿਲ ਕੇ ਕੰਮ ਕਰਦਿਆਂ ਅੱਗੇ ਵਧਣਾ ਚਾਹੁੰਦੇ ਹਨ। ਟਰੂਡੋ ਨੇ ਕਿਹਾ ਕਿ ਉਹ ਜੌਨ ਹੌਰਗਨ ਨਾਲ ਮਜ਼ਬੂਤ ਭਾਈਵਾਲੀ ਰਾਹੀਂ ਕਈ ਪ੍ਰੋਜੈਕਟ ਸਿਰੇ ਚਾੜਨਾ ਚਾਹੁੰਦੇ ਹਨ, ਜਿਨ੍ਹਾਂ 'ਚ ਵੈਨਕੂਵਰ 'ਚ ਲਾਇਆ ਜਾਣ ਵਾਲਾ ਬਰੌਡਵੇਅ ਸਬਵੇਅ ਪ੍ਰੋਜੈਕਟ ਵੀ ਸ਼ਾਮਲ ਹੈ।
ਬ੍ਰਿਟਿਸ਼ ਕੋਲੰਬੀਆ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜੌਨ ਹੌਰਗਨ ਦੀ ਅਗਵਾਈ ਵਾਲੀ ਨਿਊ ਡੈਮੋਕਰੇਟਿਕ ਪਾਰਟੀ (ਐੱਨ. ਡੀ. ਪੀ.) ਨੇ ਬਹੁਮਤ ਹਾਸਲ ਕਰਦੇ ਹੋਏ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਨ੍ਹਾਂ ਚੋਣਾਂ 'ਚ 8 ਪੰਜਾਬੀਆਂ ਨੇ ਵੀ ਜਿੱਤ ਦੇ ਝੰਡੇ ਗੱਢੇ ਹਨ, ਜਿਨ੍ਹਾਂ 'ਚ ਐੱਨ. ਡੀ. ਪੀ. ਦੇ ਅਮਨ ਸਿੰਘ ਵੀ ਸ਼ਾਮਲ ਹਨ। ਅਮਨ ਸਿੰਘ ਇਨ੍ਹਾਂ ਚੋਣਾਂ 'ਚ ਜਿੱਤ ਦਰਜ ਕਰਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਹਨ।
ਉਨ੍ਹਾਂ ਤੋਂ ਇਲਾਵਾ ਹੋਰ ਜੇਤੂ ਪੰਜਾਬੀਆਂ ਦੇ ਨਾਂ ਇਸ ਤਰ੍ਹਾਂ ਹਨ- ਜਗਰੂਪ ਬਰਾੜ (ਸਰੀ ਫਲੀਟਵੁੱਡ), ਜਿੰਨੀ ਸਿਮਜ਼ (ਸਰੀ ਪੈਨੋਰਾਮਾ), ਹੈਰੀ ਬੈਂਸ (ਸਰੀ ਨਿਉਟਨ), ਰਵੀ ਕਾਹਲੋਂ ( ਨੌਰਥ ਡੈਲਟਾ), ਰਾਜ ਚੌਹਾਨ ( ਬਰਨਬੀ ਐਡਮੰਡਜ), ਰਚਨਾ ਸਿੰਘ (ਸਰੀ-ਗ੍ਰੀਨ ਟਿੰਬਰਜ਼) ਅਤੇ ਨਿੱਕੀ ਸ਼ਰਮਾ (ਵੈਨਕੂਵਰ-ਹੇਸਟਿੰਗਜ਼)। ਇਸ ਚੋਣ ਵਿੱਚ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਦੀ ਧੀ ਤ੍ਰਿਪਤ ਅਟਵਾਲ ਚੋਣ ਹਾਰ ਗਈ ਹੈ, ਜੋ ਲਿਬਰਲ ਪਾਰਟੀ ਵੱਲੋਂ ਉਮੀਦਵਾਰ ਸਨ।