ਕੋਲੰਬੀਆ ’ਚ ਪੁਲਸ ਬੇਸ ਦੇ ਬਾਹਰ ਟਰੱਕ ’ਚ ਧਮਾਕਾ, 11 ਜ਼ਖ਼ਮੀ
Sunday, Aug 02, 2026 - 03:13 AM (IST)
ਬੋਗੋਟਾ - ਕੋਲੰਬੀਆ ਸਰਕਾਰ ਨੇ ਸ਼ਨੀਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਬਚੇ ਹੋਏ ਬਾਗ਼ੀ ਧੜੇ ’ਤੇ ਪੁਲਸ ਬੇਸ ਦੇ ਬਾਹਰ ਹੋਏ ਧਮਾਕੇ ਦਾ ਦੋਸ਼ ਲਾਇਆ। ਇਸ ਧਮਾਕੇ ਵਿਚ 11 ਅਧਿਕਾਰੀ ਜ਼ਖ਼ਮੀ ਹੋ ਗਏ ਅਤੇ ਇਕ ਪੁਲਸ ਡੌਗ ਦੀ ਮੌਤ ਹੋ ਗਈ। ਇਹ ਹਮਲਾ ਸ਼ਨੀਵਾਰ ਤੜਕੇ ਕੁਕੁਟਾ ਸ਼ਹਿਰ ਵਿਚ ਹੋਇਆ, ਜੋ ਵੈਨੇਜ਼ੁਏਲਾ ਦੇ ਨਾਲ ਕੋਲੰਬੀਆ ਦੀ ਸਰਹੱਦ ’ਤੇ ਸਥਿਤ ਹੈ। ਇੱਥੇ ਡਰੱਗ ਗੈਂਗ ਅਤੇ ਬਾਗ਼ੀ ਧੜੇ ਲੰਬੇ ਸਮੇਂ ਤੋਂ ਸਮੱਗਲਿੰਗ ਦੇ ਰਸਤਿਆਂ ’ਤੇ ਕਬਜ਼ੇ ਲਈ ਲੜ ਰਹੇ ਹਨ। ਕੋਲੰਬੀਆ ਪੁਲਸ ਦੇ ਡਾਇਰੈਕਟਰ ਜਨਰਲ ਵਿਲੀਅਮ ਰਿੰਕੋਨ ਨੇ ਦੱਸਿਆ ਕਿ ਧਮਾਕਾ ਇਕ ਟਰੱਕ ਵਿਚ ਹੋਇਆ, ਜਿਸ ਨੂੰ ਨੌਰਟੇ ਡੀ ਸੈਂਟੇਂਡਰ ਸੂਬੇ ਵਿਚ ਪੁਲਸ ਹੈੱਡਕੁਆਰਟਰ ਵਜੋਂ ਵਰਤੀ ਜਾਂਦੀ ਇਮਾਰਤ ਦੇ ਬਾਹਰ ਖੜ੍ਹਾ ਕੀਤਾ ਗਿਆ ਸੀ। ਸਵੇਰ ਹੋਣ ਤੋਂ ਪਹਿਲਾਂ ਹੋਏ ਇਸ ਧਮਾਕੇ ਨਾਲ ਇਮਾਰਤ ਦੀ ਛੱਤ ਦਾ ਕਾਫ਼ੀ ਹਿੱਸਾ ਨੁਕਸਾਨਿਆ ਗਿਆ ਅਤੇ ਖਿੜਕੀਆਂ ਟੁੱਟ ਗਈਆਂ।
