ਸਰਬੀਆ ’ਚ ਇਜ਼ਰਾਈਲੀ ਦੂਤਘਰ ਦੇ ਬਾਹਰ ਗਾਰਡ ’ਤੇ ਚਾਕੂ ਨਾਲ ਹਮਲਾ ! ਸੈਲਫ ਡਿਫੈਂਸ ''ਚ...
Thursday, Oct 29, 2026 - 09:47 AM (IST)
ਇੰਟਰਨੈਸ਼ਨਲ ਡੈਸਕ- ਸਰਬੀਆ ਦੀ ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਬੇਲਗ੍ਰਾਦ ਵਿਚ ਇਜ਼ਰਾਈਲ ਦੇ ਦੂਤਘਰ ਦੇ ਬਾਹਰ ਇਕ ਅਣਪਛਾਤੇ ਹਮਲਾਵਰ ਨੇ ਚਾਕੂ ਨਾਲ ਇਕ ਸੁਰੱਖਿਆ ਮੁਲਾਜ਼ਮ ’ਤੇ ਹਮਲਾ ਕੀਤਾ। ਹਮਲਾਵਰ ਦੀ ਅੱਧੀ ਰਾਤ ਤੋਂ ਬਾਅਦ ਪੁਲਸ ਦੀ ਕਾਰਵਾਈ ’ਚ ਮੌਤ ਹੋ ਗਈ।
ਗ੍ਰਹਿ ਮੰਤਰੀ ਇਵਿਕਾ ਡਾਸਿਸ ਨੇ ਕਿਹਾ ਕਿ ਪੁਲਸ ਇਸ ਘਟਨਾ ਨੂੰ ‘ਅੱਤਵਾਦੀ ਹਮਲਾ’ ਮੰਨ ਕੇ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਅੱਤਵਾਦੀ ਖਤਰੇ ਦੇ ਪੱਧਰ ਨੂੰ ਵਧਾ ਕੇ ਸਰਵਉੱਚ ਪੱਧਰ ’ਤੇ ਕਰ ਦਿੱਤਾ ਗਿਆ ਹੈ ਅਤੇ ਪ੍ਰਮੁੱਖ ਸਥਾਨਾਂ ’ਤੇ ਪੁਲਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਡਾਸਿਸ ਨੇ ਕਿਹਾ, ‘‘ਇਕ ਨਾਬਾਲਗ, ਜਿਸ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ ਹੈ... ਨੇ ਅੱਲ੍ਹਾ-ਹੂ-ਅਕਬਰ ਦਾ ਨਾਅਰਾ ਲਾਉਂਦੇ ਹੋਏ ਜੈਂਡਰਮੇਰੀ ਦੇ ਇਕ ਮੈਂਬਰ ’ਤੇ ਦੋ ਚਾਕੂਆਂ ਨਾਲ ਹਮਲਾ ਕਰ ਦਿੱਤਾ।’’
ਉਨ੍ਹਾਂ ਦੱਸਿਆ ਕਿ ਪੁਲਸ ਅਧਿਕਾਰੀ ਨੇ ਆਤਮ-ਰੱਖਿਆ ਵਿਚ ਹਮਲਾਵਰ ਨੂੰ ਮਾਰ ਦਿੱਤਾ। ਇਸ ਘਟਨਾ ਵਿਚ ਪੁਲਸ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ। ਡਾਸਿਸ ਨੇ ਕਿਹਾ ਕਿ ਸਰਬੀਆ ਦੀਆਂ ਸੁਰੱਖਿਆ ਏਜੰਸੀਆਂ ਹਮਲਾਵਰ ’ਤੇ ਨਜ਼ਰ ਰੱਖ ਰਹੀਆਂ ਸਨ। ਉਨ੍ਹਾਂ ਦੇ ਮੁਤਾਬਕ, ਉਹ ਇਸਲਾਮਿਕ ਸਟੇਟ (ਆਈ.ਐੱਸ.) ਅੱਤਵਾਦੀ ਸੰਗਠਨ ਦਾ ਸਮਰਥਕ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਹਮਲਾਵਰ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇਸਲਾਮਿਕ ਸਟੇਟ ਦੇ ਸਮਰਥਨ ਵਿਚ ਕਾਲਾ ਝੰਡਾ ਲਾ ਰੱਖਿਆ ਸੀ। ਇਹ ਹਮਲਾ ਬੁੱਧਵਾਰ ਨੂੰ ਹੋਇਆ ਜਦਕਿ ਸਰਬੀਆ ਵਿਚ ਐਤਵਾਰ ਨੂੰ ਮਹੱਤਵਪੂਰਨ ਮੱਧਕਾਲੀ ਸੰਸਦੀ ਚੋਣਾਂ ਹੋਈਆਂ ਹਨ।
