ਨਿਊ ਸਾਊਥ ਵੇਲਜ਼ 'ਚ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ, ਰੱਬ ਨੇ ਹੱਥ ਰੱਖ ਕੇ ਬਚਾਇਆ ਡਰਾਈਵਰ

10/11/2017 3:06:02 PM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਬੁੱਧਵਾਰ ਦੀ ਸਵੇਰ ਨੂੰ ਇਕ ਬੀ-ਡਬਲ ਟਰੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਹਾਦਸੇ 'ਚ ਡਰਾਈਵਰ ਵਾਲ-ਵਾਲ ਬਚ ਗਿਆ। ਇਹ ਹਾਦਸਾ ਨਿਊ ਸਾਊਥ ਵੇਲਜ਼ ਦੇ ਬੈਰੀਮਾ 'ਚ ਹਿਊਮ ਹਾਈਵੇਅ 'ਤੇ ਸਥਿਤ ਵਿੰਗਕਾਰਰਿਬੀ ਪੁੱਲ 'ਤੇ ਵਾਪਰਿਆ। ਹਾਦਸਾ ਸਵੇਰੇ ਤਕਰੀਬਨ 8.ਵਜ ਕੇ 25 ਮਿੰਟ 'ਤੇ ਵਾਪਰਿਆ।
ਦਰਅਸਲ ਡਰਾਈਵਰ ਟਰੱਕ ਤੋਂ ਆਪਣਾ ਕੰਟਰੋਲ ਗੁਆ ਬੈਠਾ ਅਤੇ ਟਰੱਕ ਦਾ ਹਿੱਸਾ ਪੁੱਲ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਘਾਹ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਫੈਲ ਗਈ। ਡਰਾਈਵਰ ਟਰੱਕ ਅੰਦਰ ਫਸ ਗਿਆ ਉਸ ਨੇ ਕਿਸੇ ਤਰ੍ਹਾਂ ਟਰੱਕ ਦੇ ਦਰਵਾਜ਼ੇ ਨੂੰ ਖੋਲ੍ਹਿਆ ਅਤੇ ਛਾਲ ਮਾਰ ਦਿੱਤੀ। ਡਰਾਈਵਰ ਨੇ ਦੱਸਿਆ ਕਿ ਟਰੱਕ ਦੇ ਦੋਵੇਂ ਦਰਵਾਜ਼ੇ ਖੁੱਲ੍ਹ ਨਹੀਂ ਰਹੇ ਸਨ ਅਤੇ ਕਾਫੀ ਕੋਸ਼ਿਸ਼ ਤੋਂ ਬਾਅਦ ਉਸ ਨੇ ਆਪਣੇ ਮੋਢਿਆਂ ਨਾਲ ਧੱਕਾ ਮਾਰ ਕੇ ਦਰਵਾਜ਼ੇ ਨੂੰ ਖੋਲ੍ਹਿਆ ਤੇ ਛਾਲ ਮਾਰੀ। ਉਸ ਨੇ ਕਿਹਾ ਕਿ ਉਸ ਸਮੇਂ ਮੈਂ ਬਸ ਰੱਬ ਨੂੰ ਯਾਦ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ, ''ਪਰਮਾਤਮਾ, ਮੈਨੂੰ ਬਚਾ ਲਓ।'' ਡਰਾਈਵਰ ਨੇ ਦੱਸਿਆ ਕਿ ਪੂਰਾ ਟਰੱਕ ਅੱਗ ਦੀ ਲਪੇਟ 'ਚ ਆ ਗਿਆ, ਇਹ ਸਿਰਫ 5 ਮਿੰਟ 'ਚ ਹੋਇਆ ਅਤੇ ਮੈਂ ਥੋੜ੍ਹਾ ਜਿਹਾ ਝੁਲਸ ਗਿਆ।
ਟਰੱਕ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਨਿਊ ਸਾਊਥ ਵੇਲਜ਼ ਦੇ ਐਂਬੂਲੈਂਸ ਪੈਰਾ-ਮੈਡੀਕਲ ਅਧਿਕਾਰੀਆਂ ਨੇ ਵਿਅਕਤੀ ਦਾ ਮੌਕੇ 'ਤੇ ਇਲਾਜ ਕੀਤਾ ਅਤੇ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਅਧਿਕਾਰੀਆਂ ਮੁਤਾਬਕ ਡਰਾਈਵਰ ਦੀ ਉਮਰ ਤਕਰੀਬਨ 60 ਸਾਲ ਹੈ। 


Related News