ਆਪਣੇ ''ਪਿਆਰੇ ਦੋਸਤ'' ਨੂੰ ਲੈ ਕੇ ਟਰੰਪ ਨੇ ਜਤਾਈ ਸ਼ਿੰਜੋ ਆਬੇ ਤੋਂ ਅਸਹਿਮਤੀ

Tuesday, May 28, 2019 - 01:50 AM (IST)

ਆਪਣੇ ''ਪਿਆਰੇ ਦੋਸਤ'' ਨੂੰ ਲੈ ਕੇ ਟਰੰਪ ਨੇ ਜਤਾਈ ਸ਼ਿੰਜੋ ਆਬੇ ਤੋਂ ਅਸਹਿਮਤੀ

ਟੋਕੀਓ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਵੱਲੋਂ ਹਾਲ ਹੀ 'ਚ ਕੀਤੇ ਮਿਜ਼ਾਈਲ ਪ੍ਰੀਖਣਾਂ 'ਤੇ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਅਸਹਿਮਤੀ ਜਤਾਉਂਦੇ ਹੋਏ ਆਖਿਆ ਕਿ ਉਹ ਇਨਾਂ ਪ੍ਰੀਖਣਾਂ ਤੋਂ 'ਨਿੱਜੀ ਤੌਰ 'ਤੇ ਚਿੰਤਤ' ਨਹੀਂ ਹੈ। ਰਾਸ਼ਟਰਪਤੀ ਟਰੰਪ ਜਾਪਾਨ ਦੇ 4 ਦਿਨਾਂ ਦੌਰੇ 'ਤੇ ਹਨ। ਉੱਤਰੀ ਕੋਰੀਆ ਨੇ ਮਹੀਨੇ ਦੀ ਸ਼ੁਰੂਆਤ 'ਚ ਘੱਟ ਦੂਰੀ ਦੇ ਮਿਜ਼ਾਈਲ ਪ੍ਰੀਖਣ ਕੀਤੇ ਸਨ। ਦੋਹਾਂ ਨੇਤਾਵਾਂ ਵਿਚਾਲੇ ਘੰਟਿਆਂ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਪੱਤਰਕਾਰ ਸੰਮੇਲਨ 'ਚ ਆਬੇ ਨੇ ਟਰੰਪ ਦੇ ਨਾਲ ਇਹ ਕਹਿੰਦੇ ਹੋਏ ਅਸਹਿਮਤੀ ਜਤਾਈ ਕਿ ਇਨਾਂ ਮਿਜ਼ਾਈਲ ਪ੍ਰੀਖਣਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦਾ ਉਲੰਘਣ ਕੀਤਾ ਹੈ ਅਤੇ ਇਹ ਬੇਹੱਦ ਅਫਸੋਸਜਨਕ ਸੀ।
ਟਰੰਪ ਨਾਲ ਕਈ ਮੁੱਦਿਆਂ 'ਤੇ ਇਕ ਸਲਾਹ ਰੱਖਣ ਵਾਲੇ ਆਬੇ ਇਸ ਲਈ ਚਿੰਤਤ ਹਨ ਕਿਉਂਕਿ ਇਹ ਮਿਜ਼ਾਈਲ ਜਾਪਾਨ ਦੀ ਸੁਰੱਖਿਆ ਲਈ ਖਤਰਾ ਹੈ। ਉਥੇ ਆਬੇ ਨੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਓਨ ਨਾਲ ਪ੍ਰਸਤਾਵਿਤ ਬੈਠਕ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧ 'ਚ ਟਰੰਪ ਦਾ ਸਮਰਥਨ ਮਿਲ ਗਿਆ ਹੈ। ਟੋਕੀਓ 'ਚ ਸ਼ਿਖਰ ਸੰਮੇਲਨ ਤੋਂ ਬਾਅਦ ਆਯੋਜਿਤ ਸੰਯੁਕਤ ਪੱਤਰਕਾਰ ਸੰਮੇਲਨ 'ਚ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਚੇਅਰਮੈਨ ਕਿਮ ਦੇ ਨਾਲ ਬਿਨਾਂ ਕਿਸੇ ਸ਼ਰਤ ਨਾਲ ਆਹਮੋ- ਸਾਹਮਣੇ ਦੀ ਮੁਲਾਕਾਤ ਕਰਨੀ ਚਾਹੀਦੀ ਅਤੇ ਉਨ੍ਹਾਂ ਦੇ ਨਾਲ ਸਪੱਸ਼ਟ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਚਾਹੀਦਾ ਹੈ।
ਆਬੇ ਨੇ ਆਖਿਆ ਕਿ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਇਸ ਦੇ ਲਈ ਜ਼ਰੂਰ ਪੂਰਾ ਸਮਰਥਨ ਦੇਣਗੇ। ਇਸ ਵਿਚਾਲੇ ਟਰੰਪ ਨੇ ਉੱਤਰੀ ਕੋਰੀਆਈ ਨੇਤਾ ਦੀ 'ਬਹੁਤ ਬੁੱਧੀਮਾਨ' ਵਿਅਕਤੀ ਦੇ ਤੌਰ 'ਤੇ ਤਰੀਫ ਕੀਤੀ ਅਤੇ ਕਿਹਾ ਕਿ ਉਹ ਜਾਣਦੇ ਹਨ ਕਿ ਆਪਣੇ ਦੇਸ਼ ਦੇ ਵਿਕਾਸ ਲਈ ਉਨ੍ਹਾਂ ਨੂੰ ਪ੍ਰਮਾਣੂ ਹਥਿਆਰ ਛੱਡਣੇ ਹੋਣਗੇ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਪ੍ਰਮਾਣੂ ਹਥਿਆਰਾਂ ਨਾਲ ਸਿਰਫ ਬੁਰਾ ਹੀ ਹੋ ਸਕਦਾ ਹੈ। ਉਹ ਬਹੁਤ ਬੁੱਧੀਮਾਨ ਵਿਅਕਤੀ ਹਨ ਅਤੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ।


author

Khushdeep Jassi

Content Editor

Related News