ਮਿਆਂਮਾਰ ’ਚ ਫੌਜੀਆਂ ਨੂੰ ਵੱਡੇ ਸ਼ਹਿਰਾਂ ਵੱਲ ਜਾਣ ਲਈ ਕਿਹਾ : ਸੰਯੁਕਤ ਰਾਸ਼ਟਰ ਦੇ ਦੂਤ
Friday, Feb 19, 2021 - 01:40 AM (IST)
ਸੰਯੁਕਤ ਰਾਸ਼ਟਰ (ਏ. ਪੀ.)- ਮਿਆਂਮਾਰ ’ਤੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰੀ ਰਖਾਈਨ ਸੂਬੇ ਦੇ ਸਰਹੱਦੀ ਖੇਤਰ ’ਚ ਤਾਇਨਾਤ ਫੌਜੀਆਂ ਨੂੰ ਵੱਡੇ ਸ਼ਹਿਰਾਂ ’ਚ ਭੇਜਿਆ ਜਾ ਰਿਹਾ ਹੈ। ਫੌਜੀ ਸਰਕਾਰ ਦੇ ਇਕ ਕਦਮ ਨਾਲ ਦੇਸ਼ ’ਚ ਹਿੰਸਾ ਅਤੇ ਜਾਨ-ਮਾਲ ਦੇ ਨੁਕਸਾਨ ਦਾ ਸ਼ੱਕ ਹੈ। ਵਿਸ਼ੇਸ਼ ਦੂਤ ਟਾਮ ਐਂਡ੍ਰਯੂਜ ਨੇ ਕਿਹਾ ਕਿ ਫੌਜੀ ਤਖਤਾਪਲਟ ਦੇ ਵਿਰੋਧ ’ਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਖਿਲਾਫ ਸ਼ੁਰੂ ਵਿਚ ਸੰਜਮ ਵਰਤ ਰਹੀ ਪੁਲਸ ਨੇ ਬਾਅਦ ’ਚ ਕਈ ਮੌਕਿਆਂ ’ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ, ਗੋਲੀਬਾਰੀ ਅਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ।
ਉਨ੍ਹਾਂ ਨੇ ਦੱਸਿਆ ਕਿ ਉਹ ਸੂਤਰਾਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਪੁਸ਼ਟੀ ਕਰ ਸਕਦੇ ਹਨ ਕਿ ਰਖਾਈਨ ਪ੍ਰਾਂਤ ਤੋਂ ਫੌਜੀਆਂ ਨੂੰ ਕੁਝ ਸੰਘਣੀ ਆਬਾਦੀ ਵਾਲੇ ਵੱਡੇ ਸ਼ਹਿਰਾਂ ’ਚ ਭੇਜਿਆ ਗਿਆ ਹੈ। ਰਖਾਈਨ ’ਚ 2017 ’ਚ ਫੌਜ ਦੀ ਕਾਰਵਾਈ ਤੋਂ ਬਾਅਦ ਰੋਹਿੰਗੀਆਂ ਭਾਈਚਾਰੇ ਦੇ ਸੱਤ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬੰਗਲਾਦੇਸ਼ ’ਚ ਪਨਾਹ ਲੈਣੀ ਪਈ ਸੀ। ਉਨ੍ਹਾਂ ਨੇ ਕਿਹਾ ਕਿ ਮਿਆਂਮਾਰ ’ਚ ਨੌਕਰਸ਼ਾਹਾਂ ਦਾ ਇਕ ਵੱਡਾ ਧੜਾ ਹੜਤਾਲ ’ਤੇ ਹੈ ਅਤੇ ਸਾਰੇ ਨਿੱਜੀ ਬੈਂਕ ਬੰਦ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।