ਇਟਲੀ ‘ਚ ਹੋਇਆ ਦੂਜੀ ਸੰਸਾਰ ਜੰਗ ''ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

08/08/2022 11:40:52 AM

ਰੋਮ/ਇਟਲੀ (ਕੈਂਥ): ਇਟਲੀ ਦੇ ਸ਼ਹਿਰ ਫੌਰਲੀ ਵਿਖੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿ. ਇਟਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੂਜੀ ਸੰਸਾਰ ਜੰਗ ਦੌਰਾਨ ਇਟਲੀ ਨੂੰ ਆਜ਼ਾਦ ਕਰਵਾਉਦਿਆਂ ਸ਼ਹੀਦ ਹੋਏ ਸਿੱਖ ਫ਼ੌਜੀਆਂ ਦਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਕਮੇਟੀ ਦੇ ਸੈਗਰੇਤਾਰੀਓ (ਸੈਕਟਰੀ) ਜਗਦੀਪ ਸਿੰਘ ਮੱਲ੍ਹੀ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੋਵਿਡ ਮਹਮਾਰੀ ਤੋਂ ਬਾਅਦ ਇਸ ਸਾਲ ਸੰਬੰਧਿਤ ਮਹਿਕਮੇ ਦੀ ਮਨਜ਼ੂਰੀ ਨਾਲ ਇਕੱਠ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਰਾਹੀਂ ਹੋਈ। ਗੁਰੂ ਸਾਹਿਬ ਸੁੰਦਰ ਪੰਡਾਲ ਵਿੱਚ ਸਸ਼ੋਬਤ ਸਨ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕੀਤੇ ਗਏ। 

PunjabKesari

ਉਪਰੰਤ ਕੀਰਤਨੀਏ ਸਿੰਘਾਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਬਾ ਜੀ ਨੇ ਗੁਰਬਾਣੀ ਦੀ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਈ।ਇਸ ਮੌਕੇ ਭਾਈ ਜਸਵੰਤ ਸਿੰਘ ਕਰਮੋਨਾ ਨੇ ਸਟੇਜ ਦੀ ਸੇਵਾ ਸੰਭਾਲੀ।ਦੂਜੇ ਪਾਸੇ ਆਰਜਿਲ ਰੋਮਾਨਯਾ ਗਰੁੱਪ ਦੇ ਮੈਂਬਰਾਂ ਨੇ ਮਿਲਟਰੀ ਪ੍ਰੇਡ ਕੀਤੀ ਅਤੇ ਬੈਂਡ ਵਜਾਇਆ। ਕਮੇਟੀ ਵੱਲੋਂ ਜਗਦੀਪ ਸਿੰਘ ਮੱਲ੍ਹੀ ਅਤੇ ਜਸਵੰਤ ਸਿੰਘ ਕਰਮੋਨਾ ਨੇ ਸ਼ਹੀਦਾਂ ਦੇ ਸਮਾਰਕ 'ਤੇ ਫੁੱਲ ਭੇਂਟ ਕੀਤੇ।ਇਸ ਤੋਂ ਬਾਅਦ ਇਟਾਲੀਅਨ ਸਟੇਜ ਤੋਂ ਫੌਰਲੀ ਸ਼ਹਿਰ ਦੇ ਮੇਅਰ ਮਿਸਟਰ ਜਾਨਲੂਕਾ ਜਾਤੀਨੀ ਤੋਂ ਇਲਾਵਾ ਨੋਵੇਲਾਰਾ,ਫਾਏਸਾ,ਫਿਰੈਂਸੇ,ਕਸਤਲਫਰਾਂਕੋ ਇਮੀਲੀਆ ਅਤੇ ਲਗਭਗ 15 ਸ਼ਹਿਰਾਂ ਦੇ ਨੁਮਾਇੰਦਿਆਂ ਨੇ ਆਪਣੇ ਸ਼ਬਦਾਂ ਰਾਹੀਂ ਸਿੱਖ ਭਾਈਚਾਰੇ ਦਾ 77 ਸਾਲ ਪਹਿਲਾਂ ਇਟਲੀ ਨੂੰ ਆਜ਼ਾਦ ਕਰਵਾਉਣ ਲਈ ਕੀਤੀਆਂ ਕੁਰਬਾਨੀਆਂ ਲਈ ਦਿਲੋਂ ਧੰਨਵਾਦ ਕੀਤਾ ਗਿਆ। ਉੱਥੇ ਹੀ ਨੋਵੇਲਾਰਾ ਦੇ ਨੁਮਾਇੰਦੇ ਨੇ ਸਿੱਖ ਭਾਈਚਾਰੇ ਵੱਲੋਂ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਹਰੇਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਅਤੇ ਮਦਦ ਕਰਨ ਦੀ ਵਿਸ਼ੇਸ਼ ਸਰਾਹਨਾ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਕਾਲ 'ਚ ਆਸਟ੍ਰੇਲੀਆ 'ਚ ਅਧਿਆਪਕਾਂ ਦੀ ਕਮੀ, ਸਿੱਖਿਆ ਮੰਤਰੀ ਨੇ ਕੀਤੀ ਮੀਟਿੰਗ

ਸਟੇਜ ਸਮਾਪਤੀ ਤੋਂ ਬਾਅਦ ਜੰਗ ਦੇ ਕਬਰਸਤਾਨ ਵਿੱਚ ਸਥਿਤ ਸਮਾਰਕ ਤੇ ਸਲਾਮੀ ਦਿੱਤੀ ਗਈ।ਫੁੱਲ ਭੇਂਟ ਕੀਤੇ ਗਏ ਅਤੇ ਕ੍ਰਿਸਚੀਅਨ ਵੇਸਕੋਵੋ ਵੱਲੋਂ ਸ਼ਹੀਦਾਂ ਲਈ ਪ੍ਰਾਰਥਨਾ ਕੀਤੀ ਗਈ ਅਤੇ ਭਾਈ ਸਾਹਿਬ ਵੱਲੋਂ ਸ਼ਹੀਦਾਂ ਲਈ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਵੀ ਕੀਤੀ ਗਈ। ਅਖੀਰ ਵਿੱਚ ਕਮੇਟੀ ਵੱਲੋਂ ਆਏ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਨਮਾਨ ਇੱਕ ਯਾਦਗਾਰੀ ਤਸਵੀਰ ਦੇ ਕੇ ਕੀਤਾ ਗਿਆ।ਗੁਰੂ ਕਾ ਲੰਗਰ ਅਤੁੱਟ ਵਰਤਿਆ।ਸੰਗਤਾਂ ਵੱਲੋਂ ਠੰਡੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ ਸੀ ਅਤੇ ਫਲ ਵੀ ਵੰਡੇ ਗਏ। ਬਹੁਤ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਅਤੇ ਇਟਾਲੀਅਨ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।ਕਮੇਟੀ ਵਲੋਂ ਭਾਈ ਪ੍ਰਿਥੀਪਾਲ ਸਿੰਘ,ਸੇਵਾ ਸਿੰਘ ਫ਼ੌਜੀ,ਸਤਨਾਮ ਸਿੰਘ,ਜਗਦੀਪ ਸਿੰਘ ਮੱਲ੍ਹੀ,ਗੁਰਮੇਲ ਸਿੰਘ ਭੱਟੀ,ਜਸਬੀਰ ਸਿੰਘ ਧਨੋਤਾ ਅਤੇ ਕੁਲਜੀਤ ਸਿੰਘ ਅਤੇ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਸੋਢੀ,ਭੁਪਿੰਦਰ ਸਿੰਘ ਕੰਗ,ਸਰਵਣ ਸਿੰਘ,ਪ੍ਰੋਫੈਸਰ ਜਸਪਾਲ ਸਿੰਘ,ਗੰਗਾਪ੍ਰੀਤ ਸਿੰਘ,ਖੁਸ਼ਪ੍ਰੀਤ ਸਿੰਘ,ਕਰਮਜੀਤ ਸਿੰਘ,ਰਵਿੰਦਰ ਸਿੰਘ ਭਾਊ,ਗੁਰਪ੍ਰੀਤ ਸਿੰਘ,ਇੰਦਰਜੀਤ ਸਿੰਘ ਕਾਲਾ,ਰਜਿੰਦਰ ਸਿੰਘ,ਜੁਗਿੰਦਰ ਸਿੰਘ ਬਡਵਾਲ,ਗੁਰਪ੍ਰੀਤ ਸਿੰਘ ਗਿੱਲ,ਪ੍ਰਿਤਪਾਲ ਸਿੰਘ ਹਾਜ਼ਰ ਸਨ।ਪ੍ਰੋਗਰਾਮ ਦੇ ਅਖੀਰ ਵਿੱਚ ਕਮੇਟੀ ਵੱਲੋਂ ਆਈਆਂ ਸਭ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਅਤੇ ਪਹੁੰਚੀਆ ਸ਼ਖਸੀਅਤਾਂ ਦਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।ਫੋਟੋਗ੍ਰਾਫਰ ਅੰਮ੍ਰਿਤਪਾਲ ਬੱਗਾ ਅਤੇ ਰੇਂਸੋ ਮਾਗਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
 


Vandana

Content Editor

Related News