ਕੈਨੇਡਾ ਜਾਣ ਲਈ ਨਹੀਂ ਪਵੇਗੀ ਵੀਜ਼ੇ ਦੀ ਲੋੜ, 13 ਦੇਸ਼ਾਂ ਨੂੰ ਮਿਲੀ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ

Thursday, Jun 08, 2023 - 03:45 PM (IST)

ਕੈਨੇਡਾ ਜਾਣ ਲਈ ਨਹੀਂ ਪਵੇਗੀ ਵੀਜ਼ੇ ਦੀ ਲੋੜ, 13 ਦੇਸ਼ਾਂ ਨੂੰ ਮਿਲੀ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ

ਟੋਰਾਂਟੋ- ਕੈਨੇਡਾ ਉਹਨਾਂ ਲੋਕਾਂ ਲਈ ਪਸੰਦੀਦਾ ਮੰਜ਼ਿਲ ਹੈ ਜੋ ਪਰਿਵਾਰ ਅਤੇ ਦੋਸਤਾਂ ਨਾਲ ਘੁੰਮਣ ਜਾਂ ਕਾਰੋਬਾਰ ਕਰਨਾ ਚਾਹੁੰਦੇ ਹਨ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਨਯੋਗ ਸੀਨ ਫਰੇਜ਼ਰ ਦਾ ਕਹਿਣਾ ਹੈ ਕਿ ਇਸ ਲਈ ਅਸੀਂ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਦੁਨੀਆ ਭਰ ਦੇ ਲੋਕਾਂ ਲਈ ਵਧੇਰੇ ਸੁਖਾਲਾ ਬਣਾ ਕੇ ਉਸ ਵਿਚ ਸੁਧਾਰ ਕਰਨ ਲਈ ਵਚਨਬੱਧ ਹਾਂ।

ਇਹ ਵੀ ਪੜ੍ਹੋ: ਭਾਰਤੀਆਂ ਨੇ ਅਮਰੀਕਾ ਵੱਲ ਘੱਤੀਆਂ ਵਹੀਰਾਂ, ਵਿਦਿਆਰਥੀਆਂ ਨੂੰ ਦਿਲ ਖੋਲ੍ਹ ਕੇ ਮਿਲੇ ਵੀਜ਼ੇ, ਜਾਣੋ ਅੰਕੜੇ

ਸੀਨ ਫਰੇਜ਼ਰ ਨੇ ਇਲੈਕਟ੍ਰਾਨਿਕ ਯਾਤਰਾ ਅਧਿਕਾਰ (ਈ.ਟੀ.ਏ.) ਪ੍ਰੋਗਰਾਮ ਵਿੱਚ 13 ਦੇਸ਼ਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਹਨਾਂ ਦੇਸ਼ਾਂ ਦੇ ਯਾਤਰੀ, ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੌਰਾਨ ਕੈਨੇਡੀਅਨ ਵੀਜ਼ਾ ਲਗਵਾਇਆ ਸੀ ਜਾਂ ਜਿਨ੍ਹਾਂ ਕੋਲ ਵਰਤਮਾਨ ਵਿੱਚ ਅਮਰੀਕਾ ਦਾ ਵੈਲਿਡ Non-Immigrant Visa ਹੈ, ਉਹ ਹੁਣ ਹਵਾਈ ਮਾਰਗ ਰਾਹੀਂ ਕੈਨੇਡਾ ਦੀ ਯਾਤਰਾ ਕਰਨ ਸਮੇਂ ਵੀਜ਼ੇ ਦੀ ਬਜਾਏ ਇੱਕ ਈ.ਟੀ.ਏ. ਲਈ ਅਰਜ਼ੀ ਦੇ ਸਕਦੇ ਹਨ। ਇਸ ਸੂਚੀ ਵਿਚ ਸ਼ਾਮਲ ਇਨ੍ਹਾਂ ਦੇ ਯਾਤਰੀ ਤੁਰੰਤ ਪ੍ਰਭਾਵ ਨਾਲ ਕੈਨੇਡਾ ਦਾ ਵੀਜ਼ਾ ਲੈਣ ਦੀ ਬਜਾਏ ਹੁਣ ਆਨਲਾਈਨ ਈ.ਟੀ.ਏ. ਲੈ ਕੇ ਕੈਨੇਡਾ ਵਿਚ ਦਾਖ਼ਲ ਹੋ ਸਕਦੇ ਹਨ। ਗੈਰ-ਪ੍ਰਵਾਸੀ ਵੀਜ਼ੇ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤੇ ਜਾਂਦੇ ਹਨ ਜੋ ਸੈਰ-ਸਪਾਟਾ, ਕਾਰੋਬਾਰ, ਡਾਕਟਰੀ ਇਲਾਜ ਅਤੇ ਕੁਝ ਖਾਸ ਕਿਸਮਾਂ ਦੇ ਅਸਥਾਈ ਕੰਮ ਲਈ ਅਸਥਾਈ ਆਧਾਰ 'ਤੇ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣਾ ਚਾਹੁੰਦੇ ਹਨ। ਇਨ੍ਹਾਂ 13 ਦੇਸ਼ਾਂ ਵਿਚ ਐਂਟੀਗੁਆ ਅਤੇ ਬਾਰਬੁਡਾ, ਅਰਜਨਟੀਨਾ, ਕੋਸਟਾਰੀਕਾ, ਮੋਰੱਕੋ, ਪਨਾਮਾ, ਫਿਲੀਪੀਨਜ਼, ਸੇਂਟ ਕਿਟਸ ਐਂਡ ਨੇਵਿਸ, ਸੇਂਟ ਲੂਸੀਆ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼, ਸੇਸ਼ੇਲਸ, ਥਾਈਲੈਂਡ, ਤ੍ਰਿਨੀਦਾਦ ਅਤੇ ਟੋਬੈਗੋ, ਉਰੂਗਵੇ ਸ਼ਾਮਲ ਹਨ।

ਇਹ ਵੀ ਪੜ੍ਹੋ: ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ PM ਟਰੂਡੋ ਦਾ ਵੱਡਾ ਬਿਆਨ

ਸੀਨ ਫਰੇਜ਼ਰ ਦਾ ਕਹਿਣਾ ਹੈ ਕਿ ਵੀਜ਼ਾ-ਮੁਕਤ ਹਵਾਈ ਯਾਤਰਾ ਦੀ ਸ਼ੁਰੂਆਤ ਕਰਨ ਨਾਲ ਹਜ਼ਾਰਾਂ ਯਾਤਰੀਆਂ ਲਈ ਕਾਰੋਬਾਰ ਜਾਂ ਛੁੱਟੀਆਂ ਲਈ 6 ਮਹੀਨਿਆਂ ਤੱਕ ਕੈਨੇਡਾ ਦੀ ਯਾਤਰਾ ਕਰਨਾ ਆਸਾਨ ਅਤੇ ਵਧੇਰੇ ਕਿਫਾਇਤੀ ਹੋ ਜਾਵੇਗਾ। ਇਹ ਵਧੇਰੇ ਯਾਤਰਾ, ਸੈਰ-ਸਪਾਟਾ ਅਤੇ ਅੰਤਰਰਾਸ਼ਟਰੀ ਕਾਰੋਬਾਰ ਦੀ ਸਹੂਲਤ ਦੇ ਕੇ ਅਤੇ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਦੇ ਹੋਏ ਇਹਨਾਂ ਦੇਸ਼ਾਂ ਨਾਲ ਕੈਨੇਡਾ ਦੇ ਸਬੰਧਾਂ ਨੂੰ ਮਜ਼ਬੂਤ ਕਰਕੇ ਕੈਨੇਡਾ ਦੀ ਆਰਥਿਕਤਾ ਨੂੰ ਵਧਾਉਣ ਵਿੱਚ ਵੀ ਮਦਦ ਕਰੇਗਾ। ਦੱਸ ਦੇਈਏ ਕਿ ਈ.ਟੀ.ਓ. ਆਸਾਨੀ ਨਾਲ ਆਨਲਾਈਨ ਅਪਲਾਈ ਕਰਕੇ ਪ੍ਰਿੰਟ ਕੀਤਾ ਜਾ ਸਕਦਾ ਹੈ, ਜਿਸ ਦੀ ਫ਼ੀਸ 7 ਡਾਲਰ ਹੈ, ਜਦੋਂਕਿ ਵੀਜ਼ਾ ਪ੍ਰਕਿਰਿਆ ਗੁੰਝਲਦਾਰ ਹੈ ਅਤੇ ਫ਼ੀਸ ਵੀ ਪ੍ਰਤੀ ਵਿਅਕਤੀ 100 ਡਾਲਰ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਤਪਿਆ ਨਿਊਯਾਰਕ, ਛਾਇਆ ਹਨੇਰਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News