ਟ੍ਰੇਡ ਵਾਰ : ਟਰੰਪ ਨੇ ਯੂਰਪੀ ਦੇਸ਼ਾਂ ਨੂੰ ਫਿਰ ਦਿੱਤੀ 20 ਫੀਸਦੀ ਹੋਰ ਟੈਕਸ ਲਾਉਣ ਦੀ ਧਮਕੀ

06/23/2018 12:11:40 AM

ਵਾਸ਼ਿੰਗਟਨ — ਯੂਰਪੀ ਸੰਘ ਵੱਲੋਂ ਅਮਰੀਕਾ ਨਾਲ ਛਿੜੀ ਟ੍ਰੇਡ ਵਾਰ 'ਤੇ ਜਵਾਬੀ ਕਾਰਵਾਈ ਕਰਦੇ ਹੋਏ ਬੁਰਬੋ ਵ੍ਹਿਸਕੀ, ਜੀਂਸ ਅਤੇ ਮੋਟਰਸਾਈਕਲ ਜਿਹੇ ਮਸ਼ਹੂਰ ਅਮਰੀਕੀ ਉਤਪਾਦਾਂ 'ਤੇ ਸ਼ੁੱਕਰਵਾਰ ਨੂੰ ਟੈਕਸ ਲਾ ਦਿੱਤਾ। ਇਸ ਤੋਂ ਬਾਅਦ ਜਵਾਬ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀ ਸੰਘ ਤੋਂ ਆਉਣ ਵਾਲੀਆਂ ਕਾਰਾਂ 'ਤੇ 20 ਫੀਸਦੀ ਦਰਾਮਦ ਸ਼ੁਲਕ ਲਾਉਣ ਦੀ ਨਵੀਂ ਧਮਕੀ ਦਿੱਤੀ ਹੈ। ਯੂਰਪੀ ਸੰਘ ਦੀ ਅਧਿਕਾਰਕ ਮੈਗਜ਼ੀਨ ਮੁਤਾਬਕ ਇਹ ਸ਼ੁਲਕ ਸ਼ੁੱਕਰਵਾਰ ਅੱਧੀ ਰਾਤ ਤੋਂ ਪ੍ਰਭਾਵੀ ਹੋ ਜਾਣਗੇ।
ਫਰਾਂਸ ਦੇ ਵਿੱਤ ਮੰਤਰੀ ਬੁਰਨੋ ਲੀ ਮੈਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਇਹ ਕਦਮ ਅਮਰੀਕਾ ਦੇ ਫੈਸਲੇ ਦਾ ਲਾਜ਼ੀਕਲ ਨਤੀਜਾ ਹੈ।' ਅਮਰੀਕਾ ਨੇ ਯੂਰਪੀ ਦੇਸ਼ਾਂ 'ਤੇ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ 'ਤੇ ਸ਼ੁਲਕ ਲਾ ਦਿੱਤਾ ਸੀ। ਯੂਰਪੀ ਸੰਘ ਨੇ ਇਸ ਦੀ ਜਵਾਬੀ ਕਾਰਵਾਈ 'ਚ 2.8 ਅਰਬ ਯੂਰੋ (ਮਤਲਬ 3.3 ਅਰਬ ਡਾਲਰ) ਦੇ ਅਮਰੀਕੀ ਉਤਪਾਦਾਂ 'ਤੇ ਸ਼ੁਲਕ ਲਾਇਆ ਹੈ। ਟਰੰਪ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, 'ਯੂਰਪੀ ਸੰਘ ਵੱਲੋਂ ਅਮਰੀਕਾ 'ਤੇ ਲੰਬੇ ਸਮੇਂ ਤੋਂ ਲਾਏ ਸ਼ੁਲਕ ਅਤੇ ਵਪਾਰਕ ਰੁਕਾਵਟਾਂ ਨੂੰ ਦੇਖਦੇ ਹੋਏ ਜੇਕਰ ਇਨ੍ਹਾਂ ਸ਼ੁਲਕਾਂ ਅਤੇ ਰੁਕਾਵਟਾਂ ਨੂੰ ਜਲਦ ਨਹੀਂ ਹਟਾਇਆ ਗਿਆ ਤਾਂ ਅਸੀਂ ਅਮਰੀਕਾ ਆ ਰਹੀਆਂ ਉਨ੍ਹਾਂ ਦੀਆਂ ਕਾਰਾਂ 'ਤੇ 20 ਫੀਸਦੀ ਸ਼ੁਲਕ ਲਾਵਾਂਗੇ। ਕਾਰਾਂ ਨੂੰ ਫਿਰ ਅਸੀਂ ਉਨ੍ਹਾਂ ਕਾਰਾਂ ਨੂੰ ਅਮਰੀਕਾ 'ਚ ਬਣਾਵਾਂਗੇ।


Related News