ਟੋਇਟਾ ਨੇ ਕੋਰੋਨਾ ਵਾਇਰਸ ਕਾਰਨ 9 ਫਰਵਰੀ ਤੱਕ ਬੰਦ ਕੀਤੇ ਚੀਨ ਦੇ ਪਲਾਂਟ

Thursday, Jan 30, 2020 - 01:44 PM (IST)

ਟੋਇਟਾ ਨੇ ਕੋਰੋਨਾ ਵਾਇਰਸ ਕਾਰਨ 9 ਫਰਵਰੀ ਤੱਕ ਬੰਦ ਕੀਤੇ ਚੀਨ ਦੇ ਪਲਾਂਟ

ਟੋਕੀਓ– ਕਾਰ ਬਣਾਉਣ ਵਾਲੀ ਜਾਪਾਨੀ ਕੰਪਨੀ ਟੋਇਟਾ ਨੇ ਚੀਨ ’ਚ ਸਥਿਤ ਆਪਣੇ ਸਾਰੇ ਪਲਾਂਟਾਂ ਨੂੰ 9 ਫਰਵਰੀ ਤੱਕ ਲਈ ਬੰਦ ਕਰ ਦਿੱਤਾ ਹੈ। ਇਸ ਦੀ ਪ੍ਰਮੁੱਖ ਵਜ੍ਹਾ ਚੀਨ ’ਚ ਕੋਰੋਨਾ ਵਾਇਰਸ ਦਾ ਤੇਜ਼ੀ ਨਾਲ ਫੈਲਣਾ ਹੈ। ਇਸ ਵਾਇਰਸ ਦੀ ਲਪੇਟ ’ਚ ਆਉਣ ਨਾਲ ਹੁਣ ਤੱਕ 130 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਟੋਇਟਾ ਦੇ ਪ੍ਰਮੋਟਰ ਨੇ ਕਿਹਾ ਕਿ ਸਥਾਨਕ ਅਤੇ ਖੇਤਰੀ ਸਰਕਾਰ ਵਲੋਂ ਜਾਰੀ ਕੀਤੇ ਗਏ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਅਤੇ 29 ਜਨਵਰੀ ਤੱਕ ਕਲਪੁਰਜ਼ਿਆਂ ਦੀ ਸਪਲਾਈ ਦੀ ਸਥਿਤੀ ਨੂੰ ਵੇਖਦੇ ਹੋਏ ਅਸੀਂ 9 ਫਰਵਰੀ ਤੱਕ ਆਪਣੇ ਪਲਾਂਟਾਂ ’ਚ ਸੰਚਾਲਨ ਰੋਕਣ ਦਾ ਫੈਸਲਾ ਕੀਤਾ ਹੈ।
ਪ੍ਰਮੋਟਰ ਨੇ ਕਿਹਾ ਕਿ ਉਹ ਸਥਿਤੀ ਦੀ ਨਿਗਰਾਨੀ ਕਰਨਗੇ ਅਤੇ 10 ਫਰਵਰੀ ਤੋਂ ਸੰਚਾਲਨ ਸ਼ੁਰੂ ਕਰਨ ’ਤੇ ਫੈਸਲਾ ਕਰਨਗੇ। ਇਸ ਤੋਂ ਪਹਿਲਾਂ ਚੀਨ ਦੇ ਨਵੇਂ ਸਾਲ ਦੀਆਂ ਛੁੱਟੀਆਂ ਕਾਰਣ ਕੰਪਨੀ ਨੇ ਪਲਾਂਟ ਬੰਦ ਰਹੇ ਸਨ ਅਤੇ ਇਨ੍ਹਾਂ ’ਚ ਸੋਮਵਾਰ ਅਤੇ ਮੰਗਲਵਾਰ ਤੋਂ ਕੰਮ ਸ਼ੁਰੂ ਹੋਣਾ ਸੀ।

ਕੰਪਨੀ ਦੇ ਇਸ ਫੈਸਲੇ ਨਾਲ ਚੀਨ ’ਚ ਸਥਿਤ ਉਸ ਦੇ 3 ਪਲਾਂਟ ਜੀ. ਏ. ਸੀ. ਟੋਇਟਾ ਮੋਟਰ ਕੰਪਨੀ ਲਿਮਟਿਡ, ਤੀਯਾਂਜਿਨ ਐੱਫ. ਏ. ਡਬਲਯੂ. ਟੋਇਟਾ ਮੋਟਰ ਕੰਪਨੀ ਲਿਮਟਿਡ ਅਤੇ ਸਿਚੁਆਨ ਐੱਫ. ਏ. ਡਬਲਯੂ. ਟੋਇਟਾ ਮੋਟਰ ਕੰਪਨੀ ਲਿਮਟਿਡ ਪ੍ਰਭਾਵਿਤ ਹੋਣਗੇ। ਚੀਨ ’ਚ ਇਸ ਵਾਇਰਸ ਨਾਲ ਹੁਣ ਤੱਕ ਕਰੀਬ 6,000 ਲੋਕ ਪੀੜਤ ਹੋ ਚੁੱਕੇ ਹਨ। ਕਈ ਦੇਸ਼ਾਂ ਨੇ ਚੀਨ ਦੇ ਵੁਹਾਨ ਸ਼ਹਿਰ ’ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਇਰਸ ਦੇ ਸੰਕੇਤ ਦੀ ਸ਼ੁਰੂਆਤ ਉਥੋਂ ਹੀ ਹੋਈ ਹੈ।


Related News