ਇੰਡੋਨੇਸ਼ੀਆ : ਕੋਮੋਡੋ ਟਾਪੂ ਨੇੜੇ ਸੈਲਾਨੀਆਂ ਦੀ ਕਿਸ਼ਤੀ ਡੁੱਬੀ; ਸਪੇਨੀ ਪਰਿਵਾਰ ਦੇ 4 ਮੈਂਬਰਾਂ ਸਮੇਤ 11 ਲੋਕ ਲਾਪਤਾ

Saturday, Dec 27, 2025 - 05:43 PM (IST)

ਇੰਡੋਨੇਸ਼ੀਆ : ਕੋਮੋਡੋ ਟਾਪੂ ਨੇੜੇ ਸੈਲਾਨੀਆਂ ਦੀ ਕਿਸ਼ਤੀ ਡੁੱਬੀ; ਸਪੇਨੀ ਪਰਿਵਾਰ ਦੇ 4 ਮੈਂਬਰਾਂ ਸਮੇਤ 11 ਲੋਕ ਲਾਪਤਾ

ਇੰਟਰਨੈਸ਼ਨਲ ਡੈਸਕ : ਇੰਡੋਨੇਸ਼ੀਆ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਕੋਮੋਡੋ ਟਾਪੂ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਸੈਲਾਨੀਆਂ ਨਾਲ ਭਰੀ ਇੱਕ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ। ਇਸ ਹਾਦਸੇ ਵਿੱਚ ਇੱਕ ਸਪੈਨਿਸ਼ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਕੁੱਲ 11 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ, ਜਿਸ ਤੋਂ ਬਾਅਦ ਸ਼ਨੀਵਾਰ ਸਵੇਰੇ ਵੱਡੇ ਪੱਧਰ 'ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇੰਜਣ ਫੇਲ ਹੋਣ ਕਾਰਨ ਵਾਪਰਿਆ ਹਾਦਸਾ 
ਇਹ ਕਿਸ਼ਤੀ ਕੋਮੋਡੋ ਨੈਸ਼ਨਲ ਪਾਰਕ ਦੇ ਅੰਦਰ ਸਥਿਤ ਪ੍ਰਸਿੱਧ ਪਦਾਰ ਟਾਪੂ ਵੱਲ ਜਾ ਰਹੀ ਸੀ। ਰਸਤੇ ਵਿੱਚ ਅਚਾਨਕ ਕਿਸ਼ਤੀ ਦਾ ਇੰਜਣ ਫੇਲ ਹੋ ਗਿਆ, ਜਿਸ ਕਾਰਨ ਉਹ ਪਾਣੀ ਵਿੱਚ ਡੁੱਬ ਗਈ। ਕਿਸ਼ਤੀ ਵਿੱਚ ਕੁੱਲ 11 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 6 ਸਪੈਨਿਸ਼ ਸੈਲਾਨੀ, 4 ਚਾਲਕ ਦਲ ਦੇ ਮੈਂਬਰ ਅਤੇ ਇੱਕ ਸਥਾਨਕ ਗਾਈਡ ਸ਼ਾਮਲ ਸੀ।

ਕੁਝ ਲੋਕਾਂ ਨੂੰ ਸੁਰੱਖਿਅਤ ਬਚਾਇਆ 
ਹਾਦਸੇ ਦੌਰਾਨ ਕੋਲੋਂ ਗੁਜ਼ਰ ਰਹੇ ਇੱਕ ਜਹਾਜ਼ ਨੇ ਤੁਰੰਤ ਕਾਰਵਾਈ ਕਰਦੇ ਹੋਏ 3 ਲੋਕਾਂ ਨੂੰ ਬਚਾ ਲਿਆ, ਜਦਕਿ ਬਚਾਅ ਟੀਮ ਨੇ 4 ਹੋਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਹਾਲਾਂਕਿ, ਸਪੇਨ ਦੇ ਇੱਕ ਪਰਿਵਾਰ ਦੇ 4 ਮੈਂਬਰ, ਜਿਸ ਵਿੱਚ ਪਤੀ-ਪਤਨੀ ਅਤੇ ਦੋ ਬੱਚੇ ਸ਼ਾਮਲ ਹਨ, ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਬਚੇ ਹੋਏ ਲੋਕਾਂ ਦਾ ਇਲਾਜ ਲਾਬੁਆਨ ਬਾਜੋ ਸ਼ਹਿਰ ਵਿੱਚ ਕੀਤਾ ਜਾ ਰਹੀ ਹੈ।

ਖਰਾਬ ਮੌਸਮ ਨੇ ਪਾਈ ਬਚਾਅ ਕਾਰਜਾਂ 'ਚ ਰੁਕਾਵਟ 
ਬਚਾਅ ਕਾਰਜਾਂ ਵਿੱਚ ਰਾਤ ਦੇ ਹਨੇਰੇ ਅਤੇ ਸਮੁੰਦਰ ਵਿੱਚ ਉੱਠ ਰਹੀਆਂ 2.5 ਮੀਟਰ (8.2 ਫੁੱਟ) ਉੱਚੀਆਂ ਲਹਿਰਾਂ ਨੇ ਭਾਰੀ ਰੁਕਾਵਟ ਪਾਈ। ਸ਼ਨੀਵਾਰ ਸਵੇਰੇ ਮੌਸਮ ਵਿੱਚ ਸੁਧਾਰ ਹੋਣ ਤੋਂ ਬਾਅਦ ਸਥਾਨਕ ਮਛੇਰਿਆਂ ਅਤੇ ਬਚਾਅ ਟੀਮਾਂ ਨੇ ਮੁੜ ਤਲਾਸ਼ੀ ਸ਼ੁਰੂ ਕੀਤੀ ਹੈ। ਇਹ ਇਲਾਕਾ 'ਯੂਨੇਸਕੋ' ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਹੈ ਅਤੇ ਆਪਣੇ ਖ਼ਤਰਨਾਕ ਕੋਮੋਡੋ ਡਰੈਗਨਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ।

ਸੁਰੱਖਿਆ ਮਿਆਰਾਂ 'ਤੇ ਉੱਠੇ ਸਵਾਲ 
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ 17,000 ਤੋਂ ਵੱਧ ਟਾਪੂਆਂ ਵਾਲਾ ਦੇਸ਼ ਹੈ, ਜਿੱਥੇ ਆਵਾਜਾਈ ਲਈ ਕਿਸ਼ਤੀਆਂ ਦਾ ਸਹਾਰਾ ਲਿਆ ਜਾਂਦਾ ਹੈ। ਪਰ ਅਕਸਰ ਸੁਰੱਖਿਆ ਨਿਯਮਾਂ ਦੀ ਅਣਦੇਖੀ ਅਤੇ ਕਿਸ਼ਤੀਆਂ ਵਿੱਚ ਸਮਰੱਥਾ ਤੋਂ ਵੱਧ ਲੋਕਾਂ ਨੂੰ ਬਿਠਾਉਣ ਕਾਰਨ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News