ਬ੍ਰਿਟੇਨ ਦੇ ਅਗਲੇ ਪੀ. ਐੱਮ. ਲਈ ਕੰਜ਼ਰਵੇਟਿਵ ਪਾਰਟੀ ''ਚ ਵੋਟਾਂ ਸ਼ੁਰੂ

07/06/2019 1:14:19 PM

ਲੰਡਨ— ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਬੋਰਿਸ ਜਾਨਸਨ ਅਤੇ ਜੇਰੇਮੀ ਹੰਟ 'ਚੋਂ ਇਕ ਨੂੰ ਨਵਾਂ ਨੇਤਾ ਚੁਣਨ ਲਈ ਸ਼ੁੱਕਰਵਾਰ ਨੂੰ ਵੋਟਿੰਗ ਸ਼ੁਰੂ ਕਰ ਦਿੱਤੀ। ਪਿਛਲੇ ਮਹੀਨੇ ਥੈਰੇਸਾ ਮੇਅ ਦੇ ਅਸਤੀਫੇ ਦੇ ਬਾਅਦ ਤੋਂ ਪ੍ਰਧਾਨ ਮੰਤਰੀ ਦਾ ਅਹੁਦਾ ਖਾਲੀ ਪਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਰਟੀ ਦੇ 1,60,000 ਜਾਂ ਇਸ ਤੋਂ ਵਧੇਰੇ ਮੈਂਬਰਾਂ ਨੂੰ ਅਗਲਾ ਪ੍ਰਧਾਨ ਮੰਤਰੀ ਚੁਣਨ ਲਈ ਆਪਣੀ-ਆਪਣੀ ਬੈਲਟ ਪੇਪਰ ਮਿਲਣੇ ਸ਼ੁਰੂ ਹੋ ਗਏ ਹਨ। 

ਡਰਹਮ ਕਾਊਂਟੀ 'ਚ ਚੋਣਾਂ ਤੋਂ ਪਹਿਲਾਂ ਰਾਜਨੀਤਕ ਗਤੀਵਿਧੀਆਂ 'ਚ ਜਾਨਸਨ ਨੇ ਘੋਸ਼ਣਾ ਕੀਤੀ ਕਿ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਉਹ ਬ੍ਰਿਟੇਨ 'ਚ ਮੁਫਤ ਬੰਦਰਗਾਹ ਬਣਾਉਣ ਦੀ ਸਮੀਖਿਆ ਕਰਨਗੇ। ਮੁਕਾਬਲੇ ਦੇ ਜੇਤੂ ਦੀ ਘੋਸ਼ਣਾ 23 ਜੁਲਾਈ ਨੂੰ ਕੀਤੀ ਜਾਵੇਗੀ ਅਤੇ ਜੇਤੂ ਇਕ ਦਿਨ ਬਾਅਦ ਥੈਰੇਸਾ ਮੇਅ ਤੋਂ ਅਹੁਦਾ ਸੰਭਾਲੇਗਾ। 

ਮੇਅ ਨੇ ਵਾਰ-ਵਾਰ ਬ੍ਰੈਗਜ਼ਿਟ ਯੋਜਨਾਵਾਂ ਅਸਫਲ ਹੋਣ ਦੇ ਬਾਅਦ 24 ਮਈ ਨੂੰ ਅਸਤੀਫਾ ਦੇ ਦਿੱਤਾ ਸੀ। ਉਹ 7 ਜੂਨ ਨੂੰ ਕੰਜ਼ਰਵੇਟਿਵ ਨੇਤਾ ਦੇ ਅਹੁਦੇ ਤੋਂ ਰਸਮੀ ਰੂਪ ਤੋਂ ਹਟ ਗਈ। ਜੁਲਾਈ 2016 'ਚ ਬ੍ਰਿਟੇਨ ਦੀ ਦੂਸਰੀ ਔਰਤ ਪ੍ਰਧਾਨ ਮੰਤਰੀ ਬਣਨ ਵਾਲੀ ਮੇਅ ਉਨ੍ਹਾਂ ਦੀਆਂ ਬ੍ਰੈਗਜ਼ਿਟ ਯੋਜਨਾਵਾਂ ਦੇ ਵਿਰੋਧੀ ਸੰਸਦ ਮੈਂਬਰਾਂ ਵੱਲੋਂ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੀ ਸੀ।


Related News