ਟੋਰਾਂਟੋ ਦੀ ਰਹਿਣ ਵਾਲੀ ਬੀਬੀ ਨੇ ਜਿੱਤੀ 60 ਮਿਲੀਅਨ ਡਾਲਰ ਦੀ ਲਾਟਰੀ

01/19/2021 10:58:46 AM

ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰਹਿਣ ਵਾਲੀ 57 ਸਾਲਾ ਬੀਬੀ ਨੇ ਦੱਸਿਆ ਕਿ ਉਸ ਦੇ ਪਤੀ ਨੇ 20 ਸਾਲ ਪਹਿਲਾਂ ਇਹ ਸੁਫ਼ਨਾ ਦੇਖਿਆ ਸੀ ਕਿ ਉਨ੍ਹਾਂ ਦੀ ਲਾਟਰੀ ਲੱਗੀ ਹੈ ਤੇ ਇਹ ਸੁਫ਼ਨਾ ਹੁਣ ਸੱਚ ਹੋ ਗਿਆ ਹੈ। ਡੇਂਗ ਪਰਾਵੇਟੋਡਾਮ ਨਾਂ ਦੀ ਬੀਬੀ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਸੁਫ਼ਨੇ ਵਿਚ ਜਿਹੜਾ ਲਾਟਰੀ ਨੰਬਰ ਦਿਖਾਈ ਦਿੱਤਾ ਸੀ, ਉਸ ਨੇ ਉਸੇ ਨੰਬਰ ਦੀ ਲਾਟਰੀ ਪਾਈ ਤੇ ਜਿੱਤ ਗਈ। ਉਸ ਨੂੰ ਸੋਮਵਾਰ ਨੂੰ 60 ਮਿਲੀਅਨ ਡਾਲਰ ਦਾ ਚੈੱਕ ਮਿਲਿਆ ਹੈ ਤੇ ਉਹ ਬਹੁਤ ਖੁਸ਼ ਹੈ। ਉਸ ਨੇ ਦੱਸਿਆ ਕਿ ਇਕ ਸਮਾਂ ਸੀ ਕਿ ਚਰਚ ਦੀ ਮਦਦ ਨਾਲ ਹੀ ਉਨ੍ਹਾਂ ਦਾ ਢਿੱਡ ਭਰਦਾ ਸੀ ਤੇ ਹੁਣ ਉਹ ਅਮੀਰ ਹੋ ਗਏ ਹਨ। 

ਉਸ ਨੇ ਦੱਸਿਆ ਕਿ ਉਹ ਆਪਣੇ 14 ਭੈਣ-ਭਰਾਵਾਂ ਨਾਲ 1980 ਵਿਚ ਲਾਓਸ ਤੋਂ ਕੈਨੇਡਾ ਆਈ ਸੀ। ਉਸ ਨੇ ਦੱਸਿਆ ਕਿ ਉਹ ਤੇ ਉਸ ਦਾ ਪਤੀ ਪਿਛਲੇ 40 ਸਾਲਾਂ ਤੋਂ ਮਜ਼ਦੂਰੀ ਕਰ ਰਹੇ ਹਨ ਤੇ ਪਰਿਵਾਰ ਲਈ ਪੈਸਾ ਜੋੜ ਰਹੇ ਸਨ ਪਰ ਕੋਰੋਨਾ ਵਾਇਰਸ ਕਾਰਨ ਉਸ ਦੀ ਨੌਕਰੀ ਚਲੀ ਗਈ। ਦੋ ਬੱਚਿਆਂ ਦੀ ਮਾਂ ਤੇ ਦੋ ਬੱਚਿਆਂ ਦੀ ਦਾਦੀ ਡੇਂਗ ਨੇ ਦੱਸਿਆ ਕਿ ਇਕ ਦਿਨ ਉਸ ਨੇ ਲਾਟਰੀ ਪਾਈ ਤੇ ਉਸ ਨੂੰ ਯਕੀਨ ਨਹੀਂ ਸੀ ਕਿ ਉਹ ਇੰਨੀ ਵੱਡੀ ਰਾਸ਼ੀ ਜਿੱਤੇਗੀ। 

ਉਸ ਨੇ ਕਿਹਾ ਕਿ ਇਸ ਪੈਸੇ ਨਾਲ ਆਪਣੇ ਪਰਿਵਾਰ ਤੇ ਆਪਣੇ ਲਈ ਉਹ ਨਵਾਂ ਘਰ, ਗੱਡੀ ਤੇ ਕੱਪੜੇ ਖਰੀਦਣਗੇ। ਇਸ ਦੇ ਨਾਲ ਹੀ ਉਹ ਆਪਣੇ ਲਈ ਹੀਰੇ ਖਰੀਦੇਗੀ। ਜਦੋਂ ਸੁਰੱਖਿਅਤ ਹੋਇਆ ਤਾਂ ਉਹ ਆਪਣੇ ਪਤੀ ਨਾਲ ਘੁੰਮਣ-ਫਿਰਨ ਜਾਵੇਗੀ ਤੇ ਲੋੜਵੰਦ ਪਰਿਵਾਰਕ ਮੈਂਬਰਾਂ ਦੀ ਮਦਦ ਕਰੇਗੀ। 


Lalita Mam

Content Editor

Related News