ਭ੍ਰਿਸ਼ਟਾਚਾਰ ਮਾਮਲੇ ''ਚ ਟੋਰਾਂਟੋ ਪੁਲਸ ਦੀ ਵੱਡੀ ਕਾਰਵਾਈ ! ਕਈ ਮੁਲਾਜ਼ਮ ਗ੍ਰਿਫ਼ਤਾਰ

Saturday, Feb 07, 2026 - 10:10 AM (IST)

ਭ੍ਰਿਸ਼ਟਾਚਾਰ ਮਾਮਲੇ ''ਚ ਟੋਰਾਂਟੋ ਪੁਲਸ ਦੀ ਵੱਡੀ ਕਾਰਵਾਈ ! ਕਈ ਮੁਲਾਜ਼ਮ ਗ੍ਰਿਫ਼ਤਾਰ

ਵੈਨਕੂਵਰ (ਮਲਕੀਤ ਸਿੰਘ)– ਕੈਨੇਡਾ ਵਿੱਚ ਟੋਰਾਂਟੋ ਪੁਲਸ ਨਾਲ ਜੁੜੇ ਭ੍ਰਿਸ਼ਟਾਚਾਰ ਅਤੇ ਸੰਗਠਿਤ ਅਪਰਾਧ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਕਈ ਪੁਲਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ  ਇਹ ਕਾਰਵਾਈ ਕਈ ਮਹੀਨਿਆਂ ਤੋਂ ਚੱਲ ਰਹੀ ਗੁਪਤ ਜਾਂਚ ਤੋਂ ਬਾਅਦ ਕੀਤੀ ਗਈ ਹੈ।

ਪੁਲਸ ਅਧਿਕਾਰੀਆਂ ‘ਤੇ ਦੋਸ਼ ਹੈ ਕਿ ਉਹ ਸੰਗਠਿਤ ਅਪਰਾਧੀ ਗਿਰੋਹਾਂ ਨਾਲ ਮਿਲ ਕੇ ਗੁਪਤ ਜਾਣਕਾਰੀ ਸਾਂਝੀ ਕਰ ਰਹੇ ਸਨ ਅਤੇ ਕਾਨੂੰਨੀ ਪ੍ਰਕਿਰਿਆ ਵਿੱਚ ਰੁਕਾਵਟ ਪੈਦਾ ਕਰ ਰਹੇ ਸਨ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਗਤੀਵਿਧੀਆਂ ਸਮਾਜਕ ਸੁਰੱਖਿਆ ਲਈ ਗੰਭੀਰ ਖ਼ਤਰਾ ਬਣ ਰਹੀਆਂ ਸਨ।

ਇਸ ਸਬੰਧ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਟੋਰਾਂਟੋ ਪੁਲਸ ਦੇ ਅਧਿਕਾਰੀਆਂ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖ਼ਿਲਾਫ਼ “ਜ਼ੀਰੋ ਟੋਲਰੈਂਸ” ਨੀਤੀ ਅਪਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼ੁਰੂਆਤੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੁਲਸ ਪ੍ਰਣਾਲੀ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।

ਇਸ ਮਾਮਲੇ ਨੇ ਕੈਨੇਡਾ ਭਰ ਵਿੱਚ ਪੁਲਸ ਪ੍ਰਸ਼ਾਸਨ ‘ਤੇ ਲੋਕਾਂ ਦੇ ਭਰੋਸੇ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਸਰਕਾਰ ਅਤੇ ਨਿਗਰਾਨ ਏਜੰਸੀਆਂ ਵੱਲੋਂ ਵੀ ਮਾਮਲੇ ‘ਤੇ ਨਜ਼ਰ ਰੱਖੀ ਜਾ ਰਹੀ ਹੈ।


author

Harpreet SIngh

Content Editor

Related News