ਕੈਨੇਡਾ ''ਚ ਦਹਿਸ਼ਤ ਦਾ ਮਾਹੌਲ, ਅਰਬਪਤੀ ਕਾਰੋਬਾਰੀ ਤੇ ਉਸ ਦੀ ਪਤਨੀ ਦੀ ਸ਼ੱਕੀ ਹਾਲਾਤਾਂ ''ਚ ਮੌਤ

12/16/2017 11:22:50 AM

ਟੋਰਾਂਟੋ,(ਏਜੰਸੀ)— ਕੈਨੇਡਾ ਦੀ ਦਵਾਈ ਕੰਪਨੀ 'ਐਪੋਟੇਕਸ' ਦੇ ਅਰਬਪਤੀ ਸੰਸਥਾਪਕ ਬੈਰੀ ਸ਼ਰਮਨ ਅਤੇ ਉਨ੍ਹਾਂ ਦੀ ਪਤਨੀ ਹਨੀ ਆਪਣੇ ਇੱਥੇ ਸਥਿਤ ਆਪਣੇ ਘਰ 'ਚ ਸ਼ੱਕੀ ਹਾਲਤ 'ਚ ਮ੍ਰਿਤਕ ਪਾਏ ਗਏ। ਪੁਲਸ ਨੇ ਦੱਸਿਆ ਕਿ ਦੁਪਹਿਰ ਤੋਂ ਠੀਕ ਪਹਿਲਾਂ ਇਕ ਮੈਡੀਕਲ ਕਾਲ 'ਤੇ ਪ੍ਰਤੀਕਿਰਿਆ ਦੌਰਾਨ ਸ਼ਰਮਨ ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ 'ਚੋਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਕਾਰੋਬਾਰੀ ਜੋੜੇ ਦੀ ਮੌਤ ਦੇ ਕਾਰਣ ਸ਼ੱਕੀ ਲੱਗ ਰਹੇ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਨ ਲੋਕਾਂ 'ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ।
ਸ਼ਰਮਨ ਨੇ ਵਿਸ਼ਵ ਦੀ ਸੱਤਵੀਂ ਸਭ ਤੋਂ ਵੱਡੀ ਜੈਨੇਰਿਕ ਦਵਾਈ ਨਿਰਮਾਤਾ ਕੰਪਨੀ ਐਪੋਟੇਕਸ ਦੀ ਸਥਾਪਨਾ 1974 'ਚ ਕੀਤੀ ਸੀ। ਉਨ੍ਹਾਂ ਨੇ 2012 'ਚ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪਰ ਕਾਰਜਕਾਰੀ ਪ੍ਰਧਾਨ ਦੇ ਰੂਪ 'ਚ ਕਾਇਮ ਸਨ। ਕੰਪਨੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਦੁੱਖ ਦੀ ਖਬਰ ਨੂੰ ਸੁਣ ਕੇ ਏਪੋਟੈਕਸ ਦੇ ਸਾਰੇ ਕਰਮਚਾਰੀ ਹੈਰਾਨ ਹਨ ਅਤੇ ਉਨ੍ਹਾਂ ਨੂੰ ਡੂੰਘਾ ਦੁੱਖ ਲੱਗਾ ਹੈ। ਉਸ ਨੇ ਕਿਹਾ ਕਿ ਕੰਪਨੀ ਦੇ ਕਰਮਚਾਰੀਆਂ ਦੀ ਹਮਦਰਦੀ ਤੇ ਪ੍ਰਾਰਥਨਾ ਪਰਿਵਾਰ ਵਾਲਿਆਂ ਨਾਲ ਹਨ। ਓਨਟਾਰੀਓ ਦੇ ਸਿਹਤ ਮੰਤਰੀ ਐਰਿਕ ਹਾਸਕਿੰਸ ਨੇ ਟਵੀਟ ਕਰਕੇ ਜੋੜੇ ਨੂੰ ਵਧੀਆ ਇਨਸਾਨ, ਬਹੁਤ ਪਰ-ਉਪਕਾਰੀ ਅਤੇ ਸਿਹਤ ਖੇਤਰ 'ਚ ਕਾਮਯਾਬ ਵਿਅਕਤੀ ਦੱਸਿਆ। ਸਿਹਤ ਜਗਤ ਨੇ ਵੀ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।


Related News