ਟੋਰਾਂਟੋ ਦੇ ਉੱਚ ਡਾਕਟਰ ਦੀ ਲੋਕਾਂ ਨੂੰ ਅਪੀਲ, ਕਿਹਾ-''ਆਪਣਾ ਮਾਸਕ ਪਾ ਕੇ ਰੱਖੋ"

Tuesday, Dec 01, 2020 - 05:10 PM (IST)

ਟੋਰਾਂਟੋ ਦੇ ਉੱਚ ਡਾਕਟਰ ਦੀ ਲੋਕਾਂ ਨੂੰ ਅਪੀਲ, ਕਿਹਾ-''ਆਪਣਾ ਮਾਸਕ ਪਾ ਕੇ ਰੱਖੋ"

ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਦਾ ਸਭ ਤੋਂ ਵੱਧ ਕਹਿਰ ਓਂਟਾਰੀਓ ਸੂਬੇ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਸ਼ਹਿਰ ਟੋਰਾਂਟੋ ਵਿਚ ਬੀਤੇ ਦਿਨ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਦਰਜ ਹੋਏ। ਹਾਲਾਂਕਿ ਇੱਥੇ ਤਾਲਾਬੰਦੀ ਲੱਗੀ ਹੋਈ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।  ਟੋਰਾਂਟੋ ਵਿਚ ਬੀਤੇ ਦਿਨ 622 ਨਵੇਂ ਮਾਮਲੇ ਦਰਜ ਕੀਤੇ ਹਨ ਅਤੇ ਇੱਥੇ ਹੁਣ ਤੱਕ 643 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬੀਤੇ ਦਿਨ ਦੇ ਮਾਮਲਿਆਂ ਨੂੰ ਦੇਖਦਿਆਂ ਟੋਰਾਂਟੋ ਦੇ ਉੱਚ ਡਾਕਟਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਲੋਕਾਂ ਨੂੰ ਆਪਣੇ ਸੁਰੱਖਿਆ ਕਵਚ ਪਾ ਕੇ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜ਼ਰੂਰੀ ਕੰਮਾਂ ਲਈ ਘਰਾਂ ਤੋਂ ਬਾਹਰ ਆਉਣਾ ਪੈ ਰਿਹਾ ਹੈ ਪਰ ਇਸ ਦੌਰਾਨ ਲੋਕਾਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਜ਼ਰੂਰਤ ਹੈ।  7 ਦਿਨ ਪਹਿਲਾਂ ਇੱਥੇ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ 436 ਰਹਿੰਦੀ ਸੀ ਪਰ ਹੁਣ 622 ਮਾਮਲੇ ਦਰਜ ਹੋਏ ਹਨ, ਜਿਸ ਕਾਰਨ ਟੋਰਾਂਟੋ ਡਾਕਟਰਾਂ ਦੀ ਚਿੰਤਾ ਲਗਾਤਾਰ ਵੱਧਦੀ ਜਾ ਰਹੀ ਹੈ। 

ਮੈਡੀਕਲ ਅਧਿਕਾਰੀ ਡਾਕਟਰ ਐਲੀਨ ਡੀ ਵਿਲਾ ਨੇ ਕਿਹਾ ਕਿ ਅੱਜ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਸਾਡੀ ਚਿੰਤਾ ਵਧਾ ਦਿੱਤੀ ਹੈ। ਕੋਰੋਨਾ ਵਾਇਰਸ ਕਾਰਨ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਇਸ ਸਮੇਂ ਕੋਰੋਨਾ ਵਾਇਰਸ ਤੋਂ ਬਚਣ ਦਾ ਇਕ ਹੀ ਇਲਾਜ ਹੈ ਕਿ ਆਪਣੇ ਮਾਸਕ ਪਾ ਕੇ ਲੋਕ ਸਮਾਜਕ ਦੂਰੀ ਬਣਾ ਕੇ ਰੱਖਣ। ਇਸ ਨਾਲ ਨਵੇਂ ਮਾਮਲਿਆਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਟੋਰਾਂਟੋ ਵਿਚ ਕੋਰੋਨਾ ਟੈਸਟ ਵਿਚੋਂ 6 ਤੋਂ 7 ਫ਼ੀਸਦੀ ਮਾਮਲੇ ਪਾਜ਼ੀਟਿਵ ਪਾਏ ਜਾ ਰਹੇ ਸਨ ਪਰ ਹੁਣ ਇਹ ਦੁੱਗਣੇ ਹੋ ਗਏ ਹਨ, ਜੋ ਸੱਚਮੁੱਚ ਚਿੰਤਾ ਦਾ ਵਿਸ਼ਾ ਹਨ।  


author

Lalita Mam

Content Editor

Related News