ਕੈਨੇਡਾ 'ਚ ਆਇਆ ਭਿਆਨਕ ਬਵੰਡਰ, ਘਰਾਂ ਨੂੰ ਪੁੱਜਾ ਨੁਕਸਾਨ
Sunday, Aug 05, 2018 - 05:26 PM (IST)

ਮੈਨੀਟੋਬਾ (ਏਜੰਸੀ)— ਕੈਨੇਡਾ ਦੇ ਸੂਬੇ ਮੈਨੀਟੋਬਾ 'ਚ ਸ਼ੁੱਕਰਵਾਰ ਦੀ ਰਾਤ ਨੂੰ ਭਿਆਨਕ ਬਵੰਡਰ ਆ ਗਿਆ। ਬਵੰਡਰ ਕਾਰਨ ਕੁਝ ਘਰਾਂ ਨੂੰ ਨੁਕਸਾਨ ਪੁੱਜਾ। ਇੱਥੇ ਦੱਸ ਦੇਈਏ ਕਿ ਬਵੰਡਰ ਧੂੜ ਭਰਿਆ ਤੂਫਾਨ ਹੁੰਦਾ ਹੈ, ਜੋ ਕਿ ਬਹੁਤ ਭਿਆਨਕ ਹੁੰਦਾ ਹੈ। ਇਸ ਬਵੰਡਰ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਕੈਨੇਡੀਅਨ ਪੁਲਸ ਨੇ 77 ਸਾਲਾ ਮ੍ਰਿਤਕ ਵਿਅਕਤੀ ਦੀ ਪਛਾਣ ਜੈਕੀ ਫੁਰੀਅਰ ਵਜੋਂ ਕੀਤੀ ਹੈ। ਪੁਲਸ ਦੇ ਬੁਲਾਰੇ ਨੇ ਕਿਹਾ ਕਿ ਘਰ ਨੁਕਸਾਨੇ ਜਾਣ ਕਾਰਨ ਜੈਕੀ ਆਪਣੀ ਰਿਹਾਇਸ਼ ਦੇ ਬਾਹਰ ਮ੍ਰਿਤਕ ਮਿਲੇ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਜੈਕੀ ਸੇਵਾਮੁਕਤ ਕਿਸਾਨ ਅਤੇ ਸਕੂਲ ਅਧਿਆਪਕ ਸਨ। ਵਾਤਾਵਰਣ ਕੈਨੇਡਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਵੰਡਰ ਸ਼ੁੱਕਰਵਾਰ ਰਾਤ 9.00 ਵਜੇ ਦੇ ਕਰੀਬ ਅਲੋਂਸਾ ਨੇੜੇ ਆਇਆ, ਜੋ ਕਿ ਉੱਤਰੀ-ਪੱਛਮੀ ਵਿਨੀਪੈਗ ਦੇ 165 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਵਾਤਾਵਰਣ ਕੈਨੇਡਾ ਨੇ ਦੱਸਿਆ ਕਿ ਬਵੰਡਰ ਜ਼ਮੀਨ 'ਤੇ 45 ਮਿੰਟਾਂ ਤਕ ਘੁੰਮਿਆ ਹੋ ਸਕਦਾ ਹੈ।
ਮੌਸਮ ਵਿਭਾਗ ਦੇ ਮਾਈਕ ਰੂਸੋ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਬਵੰਡਰ ਜ਼ਮੀਨ 'ਤੇ ਕਿੰਨਾ ਸਮਾਂ ਰਿਹਾ। 3 ਲੋਕਾਂ ਦੀ ਟੀਮ ਸ਼ਨੀਵਾਰ ਦੀ ਸਵੇਰ ਨੂੰ ਇਲਾਕੇ 'ਚ ਇਸ ਗੱਲ ਦਾ ਸਰਵੇ ਕਰਨ ਪੁੱਜੀ ਕਿ ਬਵੰਡਰ ਕਾਰਨ ਕਿੰਨਾ ਨੁਕਸਾਨ ਹੋਇਆ ਹੈ। ਲੋਕਾਂ ਵਲੋਂ ਬਵੰਡਰ ਦੀਆਂ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਹਨ।
ਬਵੰਡਰ ਨੂੰ ਦੇਖਣ ਵਾਲੇ ਅਤੇ ਇਸ ਤੋਂ ਹੋਏ ਨੁਕਸਾਨ ਬਾਰੇ ਇਕ ਪਰਿਵਾਰ ਨੇ ਦੱਸਿਆ। ਉਨ੍ਹਾਂ ਦੱਸਿਆ ਕਿ ਆਸਮਾਨ ਤੋਂ ਅਚਾਨਕ ਗੂੜ੍ਹਾ ਅਤੇ ਧੂੜ ਭਰਿਆ ਗੁਬਾਰ ਫੈਲਦਾ ਹੋਇਆ ਜ਼ਮੀਨ ਹੇਠਾਂ ਆਇਆ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਆਪਣੀਆਂ ਚੀਜ਼ਾਂ ਨੂੰ ਇਕੱਠਾ ਕੀਤਾ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਆਪਣੇ ਘਰ 'ਚ ਸ਼ਰਨ ਲਈ ਬੁਲਾਇਆ। ਅਸੀਂ ਸਾਰੇ ਘਰ ਦੀ ਬੇਸਮੈਂਟ ਅੰਦਰ ਗਏ ਅਤੇ ਲੁੱਕ ਗਏ। ਬਵੰਡਰ ਕਾਰਨ ਕਈ ਘਰਾਂ ਨੂੰ ਨੁਕਸਾਨ ਪੁੱਜਾ, ਬਹੁਤ ਸਾਰਾ ਸਾਮਾਨ ਬਿਖਰ ਗਿਆ।