ਇਮਰਾਨ ਖਾਨ ਦੀ ਪਾਰਟੀ ਦੇ ਚੋਟੀ ਦੇ ਨੇਤਾ ਗ੍ਰਿਫ਼ਤਾਰ
Tuesday, Sep 10, 2024 - 10:59 AM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੂੰ ਪੁਲਸ ਨੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਦੇ ਸੈਸ਼ਨ ਤੋਂ ਬਾਅਦ ਸੰਸਦ ਭਵਨ ਦੇ ਬਾਹਰੋਂ ਗ੍ਰਿਫਤਾਰ ਕਰ ਲਿਆ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ। ਡਾਨ ਅਖ਼ਬਾਰ ਨੇ ਪੁਲਸ ਬੁਲਾਰੇ ਜਾਵੇਦ ਤਕੀ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਨੇਤਾਵਾਂ ਬੈਰਿਸਟਰ ਗੌਹਰ ਅਲੀ ਖਾਨ, ਸ਼ੇਰ ਅਫਜ਼ਲ ਖਾਨ ਮਰਵਤ ਅਤੇ ਐਡਵੋਕੇਟ ਸ਼ੋਏਬ ਸ਼ਾਹੀਨ ਨੂੰ ਇਸਲਾਮਾਬਾਦ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।
ਜਾਣਕਾਰੀ ਹੈ ਕਿ ਮਾਰਵਤ ਨੂੰ ਪਹਿਲਾਂ ਹਿਰਾਸਤ ਵਿਚ ਲਿਆ ਗਿਆ ਸੀ। ਮਾਰਾਵਤ ਦੀ ਗ੍ਰਿਫ਼ਤਾਰੀ ਬਾਰੇ, ਪੀ.ਟੀ.ਆਈ ਪਾਰਟੀ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਪੀ.ਐਮ.ਐਲ.ਐਨ ਸਰਕਾਰ ਨੂੰ ਨੈਸ਼ਨਲ ਅਸੈਂਬਲੀ ਦੇ ਇੱਕ ਮੌਜੂਦਾ ਮੈਂਬਰ ਵਿਰੁੱਧ ਅਜਿਹੇ ਕਦਮ 'ਤੇ ਪੂਰੀ ਤਰ੍ਹਾਂ ਸ਼ਰਮਿੰਦਾ ਹੋਣਾ ਚਾਹੀਦਾ ਹੈ। ਇਹ ਜਮਹੂਰੀਅਤ 'ਤੇ ਸਿੱਧਾ ਹਮਲਾ ਹੈ।'' ਪਾਰਟੀ ਨੇ ਇਸਲਾਮਾਬਾਦ ਪੁਲਸ 'ਤੇ ''ਗੈਰ-ਕਾਨੂੰਨੀ ਹੁਕਮਾਂ'' ਦੀ ਪਾਲਣਾ ਕਰਨ ਦਾ ਦੋਸ਼ ਲਗਾਇਆ ਅਤੇ ਇਸਲਾਮਾਬਾਦ ਪੁਲਸ ਦੇ ਇੰਸਪੈਕਟਰ ਜਨਰਲ (ਆਈਜੀ) ਨੂੰ ''ਇਸ ਕਾਰਵਾਈ ਨੂੰ ਰੋਕਣ'' ਲਈ ਕਿਹਾ। ਸੂਤਰਾਂ ਨੇ ਜੀਓ ਨਿਊਜ਼ ਨੂੰ ਦੱਸਿਆ ਕਿ ਮਾਰਵਤ ਨੂੰ ਇੱਕ ਨਵੇਂ ਕਾਨੂੰਨ - ਸ਼ਾਂਤੀਪੂਰਨ ਅਸੈਂਬਲੀ ਅਤੇ ਪਬਲਿਕ ਆਰਡਰ ਬਿੱਲ, 2024 ਦੇ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀ.ਟੀ.ਆਈ ਦੇ ਸੰਸਦ ਮੈਂਬਰ 'ਤੇ ਇਕ ਦਿਨ ਪਹਿਲਾਂ ਪੁਲਸ ਮੁਲਾਜ਼ਮਾਂ ਨਾਲ ਝੜਪ ਦਾ ਦੋਸ਼ ਸੀ।
ਪੜ੍ਹੋ ਇਹ ਅਹਿਮ ਖ਼ਬਰ-ਕਮਲਾ ਹੈਰਿਸ ਅਤੇ ਟਰੰਪ ਜਲਦ ਹੋਣਗੇ ਆਹਮੋ-ਸਾਹਮਣੇ, ਜਾਣੋ ਰਾਸ਼ਟਰਪਤੀ ਬਹਿਸ ਦੇ ਨਿਯਮ
ਇੱਕ ਹੋਰ ਪੋਸਟ ਵਿੱਚ ਪੀ.ਟੀ.ਆਈ ਪਾਰਟੀ ਨੇ ਪਾਰਟੀ ਪ੍ਰਧਾਨ ਬੈਰਿਸਟਰ ਗੌਹਰ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦੇ ਹੋਏ ਇਸਨੂੰ "ਗੈਰ-ਕਾਨੂੰਨੀ" ਦੱਸਿਆ। ਮਾਰਵਤ ਨੇ ਐਕਸ 'ਤੇ ਪੋਸਟ ਕੀਤੇ ਇਕ ਬਿਆਨ ਵਿਚ ਕਿਹਾ,''ਸਰਕਾਰ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਇਮਰਾਨ ਖਾਨ ਅਤੇ ਉਸ ਦੇ ਸਾਥੀਆਂ ਤੋਂ ਕਿੰਨੀ ਡਰਦੀ ਹੈ।'' ਵਿਰੋਧੀ ਧਿਰ ਦੇ ਨੇਤਾ ਉਮਰ ਅਯੂਬ ਖਾਨ ਨੇ ਗ੍ਰਿਫ਼ਤਾਰੀਆਂ ਦੀ ਨਿੰਦਾ ਕੀਤੀ ਅਤੇ ਦੋਸ਼ ਲਾਇਆ ਕਿ ਇਸਲਾਮਾਬਾਦ ਪੁਲਸ ਨੇ ਪੀ.ਟੀ.ਆਈ. ਜ਼ਰਤਾਜ ਗੁਲ ਵਜ਼ੀਰ ਅਤੇ "ਹੋਰ ਸਾਥੀਆਂ'' ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀ.ਟੀ.ਆਈ ਦੇ ਹੋਰ ਸੰਸਦ ਮੈਂਬਰ ਸੰਸਦ ਭਵਨ ਦੇ ਅੰਦਰ ਹਨ ਅਤੇ ਪੁਲਸ ਦੀ ਮੌਜੂਦਗੀ ਕਾਰਨ ਬਾਹਰ ਨਹੀਂ ਆ ਸਕੇ ਹਨ। ਕ੍ਰਿਕਟਰ ਤੋਂ ਸਿਆਸਤਦਾਨ ਬਣੇ 71 ਸਾਲਾ ਇਮਰਾਨ ਖਾਨ ਕਈ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਲਗਭਗ ਇੱਕ ਸਾਲ ਤੋਂ ਜੇਲ੍ਹ ਵਿੱਚ ਹਨ। ਸੂਤਰਾਂ ਨੇ ਦੱਸਿਆ ਕਿ ਉਮਰ ਅਤੇ ਜ਼ਰਤਾਜ ਨਾਲ, ਹਮਾਦ ਅਜ਼ਹਰ, ਕੰਵਲ ਸ਼ੌਜ਼ਬ, ਨਈਮ ਹੈਦਰ ਪੰਜੂਥਾ, ਆਮਿਰ ਮੁਗਲ ਅਤੇ ਖਾਲਿਦ ਖੁਰਸ਼ੀਦ ਸਮੇਤ ਪੀ.ਟੀ.ਆਈ ਦੇ ਹੋਰ ਨੇਤਾਵਾਂ ਨੂੰ ਵੀ ਗ੍ਰਿਫ਼਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।