ਜਾ ਕੋ ਰਾਖੇ ਸਾਈਆਂ..., ਥਾਈਲੈਂਡ ਨਰਸਰੀ ਕਤਲੇਆਮ 'ਚ ਕੰਬਲ ਨੇ ਬਚਾਈ 3 ਸਾਲ ਦੀ ਮਾਸੂਮ ਦੀ ਜਾਨ
Monday, Oct 10, 2022 - 01:41 PM (IST)
ਬੈਂਕਾਕ (ਬਿਊਰੋ): ਥਾਈਲੈਂਡ ਵਿਖੇ ਇੱਕ ਨਰਸਰੀ ਵਿੱਚ ਪਿਛਲੇ ਹਫ਼ਤੇ ਹੋਏ ਕਤਲੇਆਮ ਵਿੱਚ ਇੱਕ ਕੰਬਲ ਨੇ ਤਿੰਨ ਸਾਲ ਦੀ ਬੱਚੀ ਦੀ ਜਾਨ ਬਚਾ ਲਈ। ਹਮਲੇ ਦੇ ਸਮੇਂ ਬੱਚੀ ਉਸੇ ਕਲਾਸ ਰੂਮ ਵਿੱਚ ਕੰਬਲ ਹੇਠਾਂ ਸੌਂ ਰਹੀ ਸੀ। ਖੁਸ਼ਕਿਸਮਤੀ ਨਾਲ ਹਮਲਾਵਰ ਨੂੰ ਇਹ ਮਾਸੂਮ ਨਜ਼ਰ ਨਹੀਂ ਆਈ। ਇਸ ਹਮਲੇ ਵਿੱਚ 22 ਬੱਚੇ ਮਾਰੇ ਗਏ ਸਨ। ਹਮਲਾਵਰ ਨੇ ਪਹਿਲਾਂ ਗੋਲੀਆਂ ਚਲਾਈਆਂ ਅਤੇ ਬਾਅਦ ਵਿੱਚ ਚਾਕੂ ਨਾਲ ਹਮਲਾ ਕੀਤਾ ਸੀ। ਨਰਸਰੀ ਵਿਚ ਉਹ ਇਕਲੌਤੀ ਬੱਚੀ ਹੈ ਜੋ ਬਰਖਾਸਤ ਪੁਲਸ ਅਧਿਕਾਰੀ ਪਾਨਿਆ ਖਮਰਾਪ ਦੇ ਕਤਲੇਆਮ ਤੋਂ ਬਚ ਗਈ ਸੀ। ਇਸ ਹਮਲੇ 'ਚ 30 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚ ਨਰਸਰੀ ਦੇ ਕਈ ਕਰਮਚਾਰੀ ਵੀ ਸ਼ਾਮਲ ਸਨ। ਹਮਲਾਵਰ ਨੇ ਬਾਅਦ ਵਿਚ ਆਪਣੀ ਪਤਨੀ ਅਤੇ ਬੱਚੇ ਦਾ ਕਤਲ ਕਰਨ ਮਗਰੋਂ ਖੁਦਕੁਸ਼ੀ ਕਰ ਲਈ। ਹਮਲੇ ਤੋਂ ਬਾਅਦ ਪੂਰੇ ਥਾਈਲੈਂਡ ਵਿਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ।
ਕੰਬਲ ਨੇ ਬਚਾਈ ਬੱਚੀ ਦੀ ਜਾਨ
ਇਸ ਬੱਚੀ ਦੇ ਪਿਤਾ ਨੇ ਦੱਸਿਆ ਕਿ ਮੇਰੀ ਬੇਟੀ ਪਵਨੂਤ ਸੁਪੋਲਵੋਂਗ, ਜਿਸ ਨੂੰ ਅਸੀਂ ਐਮੀ ਕਹਿੰਦੇ ਹਾਂ, ਆਮ ਤੌਰ 'ਤੇ ਬਹੁਤ ਕੱਚੀ ਨੀਂਦ ਸੌਂਦੀ ਹੈ। ਪਰ ਵੀਰਵਾਰ ਨੂੰ ਜਦੋਂ ਕਾਤਲ ਨਰਸਰੀ ਵਿੱਚ ਦਾਖਲ ਹੋਇਆ ਅਤੇ ਉਸ ਨੇ ਬੱਚਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਤਾਂ ਐਮੀ ਇੱਕ ਕੰਬਲ ਵਿੱਚ ਆਪਣਾ ਮੂੰਹ ਢੱਕ ਕੇ ਸੌਂ ਰਹੀ ਸੀ। ਇਸ ਕਾਰਨ ਹਮਲਾਵਰ ਦਾ ਧਿਆਨ ਉਸ 'ਤੇ ਨਹੀਂ ਗਿਆ ਅਤੇ ਐਮੀ ਦੀ ਜਾਨ ਬਚ ਗਈ। ਉਹ ਇਸ ਨਰਸਰੀ ਵਿਚ ਇਕਲੌਤੀ ਜਿੰਦਾ ਬੱਚੀ ਹੈ। ਐਮੀ ਦੀ ਮਾਂ ਪਨੋਮਪਾਈ ਸਿਥੋਂਗ ਨੇ ਕਿਹਾ ਕਿ ਮੈਂ ਅਜੇ ਵੀ ਸਦਮੇ 'ਚ ਹਾਂ। ਮੈਂ ਦੂਜੇ ਪਰਿਵਾਰਾਂ ਲਈ ਬਹੁਤ ਦੁਖੀ ਹਾਂ ਪਰ ਮੈਨੂੰ ਖੁਸ਼ੀ ਹੈ ਕਿ ਮੇਰੀ ਬੱਚੀ ਬਚ ਗਈ। ਇਹ ਉਦਾਸੀ ਅਤੇ ਸ਼ੁਕਰਗੁਜ਼ਾਰੀ ਦੀ ਮਿਸ਼ਰਤ ਭਾਵਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਹਮਰੁਤਬਾ ਨਾਲ ਮਿਲੇ ਜੈਸ਼ੰਕਰ, ਇੰਡੋ-ਪੈਸੀਫਿਕ ਸਮੇਤ ਅਹਿਮ ਮੁੱਦਿਆਂ 'ਤੇ ਚਰਚਾ
ਘਰ ਲੱਗੀ ਰਿਸ਼ਤੇਦਾਰਾਂ ਦੀ ਭੀੜ
ਕਤਲੇਆਮ ਵਿਚ ਬਚੀ ਇਸ ਇਕਲੌਤੀ ਬੱਚੀ ਦੇ ਘਰ ਐਤਵਾਰ ਨੂੰ ਰਿਸ਼ਤੇਦਾਰਾਂ ਦੀ ਭੀੜ ਸੀ। ਬੱਚੀ ਦੇ ਸੁਰੱਖਿਅਤ ਬਚ ਨਿਕਲਣ 'ਤੇ ਹਰ ਕੋਈ ਖੁਸ਼ ਸੀ ਪਰ ਇਸ ਕਤਲੇਆਮ 'ਚ ਮਾਰੇ ਗਏ ਹੋਰ ਬੱਚਿਆਂ ਦੇ ਪਰਿਵਾਰ ਵਾਲਿਆਂ ਪ੍ਰਤੀ ਦੁੱਖ ਵੀ ਸੀ। ਐਮੀ ਦੇ ਮਾਪਿਆਂ ਨੇ ਕਿਹਾ ਕਿ ਲੱਗਦਾ ਹੈ ਕਿ ਬੱਚੀ ਨੂੰ ਇਸ ਦੁਖਾਂਤ ਦੀ ਕੋਈ ਯਾਦ ਨਹੀਂ ਹੈ। ਕਾਤਲ ਦੇ ਜਾਣ ਤੋਂ ਬਾਅਦ ਕਿਸੇ ਨੇ ਉਸ ਨੂੰ ਕਲਾਸਰੂਮ ਦੇ ਇੱਕ ਕੋਨੇ ਵਿੱਚ ਘੁੰਮਦਾ ਦੇਖਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਐਮੀ ਦਾ ਸਿਰ ਕੰਬਲ ਨਾਲ ਢੱਕ ਦਿੱਤਾ ਅਤੇ ਉਸ ਨੂੰ ਕਲਾਸ ਤੋਂ ਬਾਹਰ ਲੈ ਗਏ ਤਾਂ ਜੋ ਉਹ ਆਪਣੇ ਦੋਸਤਾਂ ਦੀ ਲਾਸ਼ ਨੂੰ ਦੇਖ ਨਾ ਸਕੇ।
ਬੱਚੀ ਲਈ ਕੀਤੀ ਪ੍ਰਾਰਥਨਾ
ਪੁਲਸ ਮੁਤਾਬਕ ਜਿਨ੍ਹਾਂ 22 ਬੱਚਿਆਂ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ 11 ਦੀ ਮੌਤ ਉਸ ਕਲਾਸਰੂਮ ਵਿੱਚ ਹੋਈ ਜਿੱਥੇ ਉਹ ਸੌਂ ਰਹੀ ਸੀ। ਦੋ ਹੋਰ ਬੱਚਿਆਂ ਨੂੰ ਸਿਰ 'ਤੇ ਗੰਭੀਰ ਸੱਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐਤਵਾਰ ਦੁਪਹਿਰ ਨੂੰ ਪਰਿਵਾਰ ਨੇ ਇੱਕ ਬੋਧੀ ਭਿਕਸ਼ੂ ਨਾਲ ਮਿਲ ਕੇ ਬੱਚੀ ਲਈ ਪ੍ਰਾਰਥਨਾ ਕੀਤੀ। ਭਿਕਸ਼ੂ ਨੇ ਐਮੀ ਦੇ ਗੁੱਟ 'ਤੇ ਚਿੱਟਾ ਧਾਗਾ ਬੰਨ੍ਹ ਕੇ ਅਤੇ ਸਿਰ 'ਤੇ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦਿੱਤਾ। ਗਮੀ ਵਿੱਚ ਡੁੱਬੇ ਸ਼ਹਿਰ ਲਈ ਇਹ ਖੁਸ਼ੀ ਦਾ ਪਲ ਸੀ।