ਇਸ ਦੇਸ਼ ਜਾਣ ਲਈ ਯਾਤਰੀਆਂ ਨੂੰ ਨਾਲ ਲੈ ਕੇ ਜਾਣੀ ਹੋਵੇਗੀ ਆਪਣੀ ਕੋਰੋਨਾ ਟੈਸਟ ਦੀ ਰਿਪੋਰਟ

07/10/2020 9:30:39 PM

ਸਿਓਲ - ਦੱਖਣੀ ਕੋਰੀਆਈ ਨਿਊਜ਼ ਏਜੰਸੀ ਯੋਨਹਾਪ ਨਿਊਜ਼ ਮੁਤਾਬਕ, ਦੱਖਣੀ ਕੋਰੀਆ ਦੀ ਸਰਕਾਰ ਨੇ ਤੈਅ ਕੀਤਾ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਮਾਮਲੇ ਜ਼ਿਆਦਾ ਹਨ, ਉਥੇ ਦੇ ਯਾਤਰੀਆਂ ਨੂੰ ਕੋਵਿਡ-19 ਦੀ ਰਿਪੋਰਟ ਲੈ ਕੇ ਯਾਤਰਾ ਕਰਨੀ ਹੋਵੇਗੀ ਅਤੇ ਰਿਪੋਰਟ ਨੈਗੇਟਿਵ ਹੋਣ 'ਤੇ ਹੀ ਉਨ੍ਹਾਂ ਨੂੰ ਦੇਸ਼ ਵਿਚ ਐਂਟਰੀ ਮਿਲੇਗੀ। ਸੋਮਵਾਰ ਨੂੰ ਇਹ ਨਿਯਮ ਲਾਗੂ ਹੋ ਜਾਵੇਗਾ। ਇਸ ਨਿਯਮ ਮੁਤਾਬਕ, ਯਾਤਰੀ ਦੀ ਕੋਵਿਡ ਰਿਪੋਰਟ 48 ਘੰਟੇ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ। ਕੋਰੀਆ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਿਵੈਂਸ਼ਨ ਮੁਤਾਬਕ, ਦੱਖਣੀ ਕੋਰੀਆ ਵੱਲੋਂ ਮਾਨਤਾ ਪ੍ਰਾਪਤ ਕੋਵਿਡ ਟੈਸਟ ਸੈਂਟਰ ਦੀ ਰਿਪੋਰਟ ਨੂੰ ਹੀ ਏਅਰਪੋਰਟ 'ਤੇ ਸਵੀਕਾਰ ਕੀਤਾ ਜਾਵੇਗਾ।

ਪਿਛਲੇ ਮਹੀਨੇ, ਘੱਟ ਕੋਵਿਡ ਮਰੀਜ਼ ਹੋਣ ਦੇ ਬਾਵਜੂਦ ਦੱਖਣੀ ਕੋਰੀਆ ਨੇ ਇਹ ਚਿਤਾਵਨੀ ਜਾਰੀ ਕੀਤੀ ਸੀ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਦੱਖਣੀ ਕੋਰੀਆ ਸਮੇਤ ਕਈ ਦੇਸ਼ਾਂ ਨੇ ਕੋਰੋਨਾ ਨਾਲ ਨਜਿੱਠਣ ਲਈ ਕਈ ਸਖਤ ਪਾਬੰਦੀਆਂ ਲਾਗੂ ਕੀਤੀਆਂ ਸਨ, ਜਿਸ ਕਾਰਨ ਇਥੇ ਕੋਰੋਨਾ ਨੂੰ ਕੰਟਰੋਲ ਵਿਚ ਕੀਤਾ ਗਿਆ। ਉਥੇ ਹੀ ਦੱਖਣੀ ਕੋਰੀਆ ਵਿਚ ਹੁਣ ਤੱਕ ਕੋਰੋਨਾ ਦੇ 13,338 ਮਾਮਲੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 288 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 12,065 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


Khushdeep Jassi

Content Editor

Related News