ਟਿਮ ਵਾਲਜ਼ ਹੋਣਗੇ ਡੈਮੋਕ੍ਰੇਟਿਕ ਪਾਰਟੀ ਤੋਂ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ, ਕਮਲਾ ਹੈਰਿਸ ਨੇ ਕੀਤਾ ਐਲਾਨ

Tuesday, Aug 06, 2024 - 08:09 PM (IST)

ਟਿਮ ਵਾਲਜ਼ ਹੋਣਗੇ ਡੈਮੋਕ੍ਰੇਟਿਕ ਪਾਰਟੀ ਤੋਂ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ, ਕਮਲਾ ਹੈਰਿਸ ਨੇ ਕੀਤਾ ਐਲਾਨ

ਇੰਟਰਨੈਸ਼ਨਲ ਡੈਸਕ : ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਡੈਮੋਕਰੇਟ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਟਿਮ ਵਾਲਜ਼ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵਜੋਂ ਚੁਣ ਲਿਆ ਹੈ। ਟਿਮ ਵਾਲਜ਼ ਮਿਨੇਸੋਟਾ ਦੇ ਗਵਰਨਰ ਹਨ। ਟਿਮ ਵਾਲਜ਼ ਇਸ ਹਫਤੇ ਚੋਣ ਪ੍ਰਚਾਰ ਦੌਰਾਨ ਕਮਲਾ ਹੈਰਿਸ ਨਾਲ ਨਜ਼ਰ ਆਉਣਗੇ।

ਰਾਇਟਰਜ਼ ਦੀ ਰਿਪੋਰਟ ਮੁਤਾਬਕ ਡੈਮੋਕ੍ਰੇਟਿਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਦੋ ਨਾਵਾਂ 'ਤੇ ਚਰਚਾ ਚੱਲ ਰਹੀ ਸੀ- ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪੀਰੋ ਅਤੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼। ਹਾਲਾਂਕਿ ਕਮਲਾ ਹੈਰਿਸ ਜਾਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।

ਟਿਮ ਵਾਲਜ਼ ਰਾਸ਼ਟਰਪਤੀ ਜੋਅ ਬਿਡੇਨ ਅਤੇ ਕਮਲਾ ਹੈਰਿਸ ਦੋਵਾਂ ਦੇ ਪ੍ਰਮੁੱਖ ਸਮਰਥਕ ਰਹੇ ਹਨ, ਟਿਮ ਵਾਲਜ਼ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੇ ਵਿਰੁੱਧ ਬਿਡੇਨ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਦੇ ਸਮਰਥਨ ਵਿੱਚ ਸਾਹਮਣੇ ਆਏ ਸਨ। ਬਿਡੇਨ ਦੇ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਹੋਣ ਤੋਂ ਬਾਅਦ, ਟਿਮ ਵਾਲਜ਼ ਨੇ ਅਗਲੇ ਦਿਨ ਕਮਲਾ ਹੈਰਿਸ ਦਾ ਸਮਰਥਨ ਕੀਤਾ ਅਤੇ ਟਰੰਪ ਨੂੰ ਤਿੱਖਾ ਨਿਸ਼ਾਨਾ ਸਾਧਿਆ ਸੀ।

ਦੱਸ ਦਈਏ ਕਿ ਸਿਆਸਤ ਵਿਚ ਆਉਣ ਤੋਂ ਪਹਿਲਾਂ ਟਿਮ ਵਾਲਜ਼ ਮਿਨੇਸੋਟਾ ਦੇ ਮੈਨਕੈਟੋ ਵਿਚ ਇਕ ਹਾਈ ਸਕੂਲ ਵਿਚ ਅਧਿਆਪਕ ਤੇ ਫੁੱਟਬਾਲ ਦੇ ਕੋਚ ਸਨ। ਟਿਮ ਵਾਲਜ਼ ਨੇ 24 ਸਾਲ ਤਕ ਆਰਮੀ ਨੈਸ਼ਨਲ ਗਾਰਡ ਵਿਚ ਕੰਮ ਕੀਤਾ ਹੈ। ਉਹ ਮਾਸਟਰ ਸਾਰਜੈਂਟ ਦੇ ਰੂਪ ਵਿਚ ਸੇਵਾ ਨਿਭਾ ਚੁੱਕੇ ਹਨ। ਟਿਮ 2006 ਵਿਚ ਮਿਨੇਸੋਟਾ ਦੇ ਪਹਿਲੇ ਕਾਂਗਰਸਨਲ ਡ੍ਰਿਸਟ੍ਰਿਕਟ ਦੀ ਅਗਵਾਈ ਕਰਦੇ ਹੋਏ ਅਮਰੀਕੀ ਪ੍ਰਤੀਨਿਧ ਸਬਾ ਦੇ ਲਈ ਚੁਣੇ ਗਏ ਸਨ, ਕਾਂਗਰਸ ਵਿਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸਿੱਖਿਆ ਤੇ ਖੇਤੀ 'ਤੇ ਧਿਆਨ ਕੇਂਦ੍ਰਿਤ ਕੀਤਾ ਸੀ। 2018 ਵਿਚ ਟਿਮ ਵਾਲਜ਼ ਮਿਨੇਸੋਟਾ ਦੇ ਗਵਰਨਰ ਚੁਣੇ ਗਏ। ਉਨ੍ਹਾਂ ਦੇ ਕਾਰਜਕਾਲ ਵਿਚ ਮਹੱਤਵਪੂਰਨ ਚੁਣੌਤੀਆਂ ਸ਼ਾਮਲ ਸਨ, ਜਿਨ੍ਹਾਂ ਵਿਚ ਕੋਵਿਡ ਮਹਾਮਾਰੀ ਸੀ।

ਕਮਲਾ ਹੈਰਿਸ ਨਾਲ ਮਿਲ ਕੇ ਕੰਮ ਕਰਾਂਗੇ
ਹਾਲ ਹੀ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਅਹੁਦੇ ਲਈ ਪਾਰਟੀ ਦੀ ਉਮੀਦਵਾਰ ਬਣਨ ਲਈ ਕਾਫੀ ਡੈਮੋਕ੍ਰੇਟਿਕ ਡੈਲੀਗੇਟ ਵੋਟਾਂ ਹਾਸਲ ਕੀਤੀਆਂ ਸਨ, ਜਿਸ ਤੋਂ ਬਾਅਦ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਨੇ ਹੈਰਿਸ ਨੂੰ ਰਾਸ਼ਟਰਪਤੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਇਸ ਦੇ ਨਾਲ ਹੀ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦੇ ਚੇਅਰਮੈਨ ਜੈਮ ਹੈਰੀਸਨ ਨੇ ਕਿਹਾ ਸੀ ਕਿ ਸੋਮਵਾਰ ਨੂੰ ਵਰਚੁਅਲ ਵੋਟਿੰਗ ਖਤਮ ਹੋ ਗਈ, ਪਰ ਕਮਲਾ ਹੈਰਿਸ ਨੂੰ ਬਹੁਗਿਣਤੀ ਡੈਲੀਗੇਟਾਂ ਲਈ ਜ਼ਰੂਰੀ ਵੋਟਾਂ ਮਿਲ ਗਈਆਂ ਸਨ। ਕਮਲਾ ਹੈਰਿਸ ਭਾਰਤੀ-ਅਫਰੀਕੀ ਮੂਲ ਦੀ ਪਹਿਲੀ ਔਰਤ ਹੈ ਜਿਸ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਪਾਰਟੀ ਨੇਤਾ ਜੈਮ ਹੈਰੀਸਨ ਨੇ ਕਿਹਾ ਕਿ ਅਸੀਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਮਿਲ ਕੇ ਕੰਮ ਕਰਾਂਗੇ ਅਤੇ ਇਸ ਮਹੀਨੇ ਦੇ ਅੰਤ ਵਿੱਚ ਸ਼ਿਕਾਗੋ ਵਿੱਚ ਸਾਡੇ ਸੰਮੇਲਨ ਦੌਰਾਨ ਆਪਣੀ ਪਾਰਟੀ ਦੀ ਤਾਕਤ ਦਾ ਪ੍ਰਦਰਸ਼ਨ ਕਰਾਂਗੇ।

20 ਜੁਲਾਈ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਪਿੱਛੇ ਹਟੇ ਬਿਡੇਨ
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ 20 ਜੁਲਾਈ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਮਲਾ ਹੈਰਿਸ ਦਾ ਸਮਰਥਨ ਕੀਤਾ। ਉਦੋਂ ਤੋਂ ਕਮਲਾ ਹੈਰਿਸ ਦੀ ਲੋਕਪ੍ਰਿਅਤਾ ਹੋਰ ਵਧ ਗਈ ਹੈ। ਹਾਲ ਹੀ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ ਵੀ ਕਮਲਾ ਹੈਰਿਸ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ।


author

Baljit Singh

Content Editor

Related News