ਹੈਰਾਨੀਜਨਕ! ਔਰਤ ਨੇ ਲਿਆ ਚੈਲੇਂਜ, ਪੀ ਲਿਆ ਇੰਨਾ ਪਾਣੀ ਕਿ ਪਹੁੰਚੀ ਹਸਪਤਾਲ
Monday, Jul 31, 2023 - 12:02 PM (IST)
ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੀ ਇੱਛਾ 'ਚ ਲੋਕ ਅਕਸਰ ਕੁਝ ਅਜਿਹਾ ਕਰ ਜਾਂਦੇ ਹਨ, ਜਿਸ ਦਾ ਉਨ੍ਹਾਂ ਨੂੰ ਬਾਅਦ 'ਚ ਪਛਤਾਵਾ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਮਹਿਲਾ ਟਿਕਟਾਕਰ ਨੇ ਆਨਲਾਈਨ ਫਿਟਨੈੱਸ ਚੈਲੇਂਜ ਦੌਰਾਨ ਇੰਨਾ ਪਾਣੀ ਪੀ ਲਿਆ ਕਿ ਉਸ ਨੂੰ ਹਸਪਤਾਲ 'ਚ ਦਾਖਲ ਹੋਣਾ ਪਿਆ। ਹਸਪਤਾਲ 'ਚ ਦਾਖਲ ਹੋਣ ਤੋਂ ਬਾਅਦ ਟਿਕਟਾਕਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਪੋਸਟ ਕਰਕੇ ਘਟਨਾ ਬਾਰੇ ਦੱਸਿਆ।
ਨਿਊਯਾਰਕ ਪੋਸਟ ਅਨੁਸਾਰ TikTok ਇਨਫਲੂਐਂਜਰ ਮਿਸ਼ੇਲ ਫੇਅਰਬਰਨ ਕੈਨੇਡਾ ਵਿੱਚ ਰਹਿੰਦੀ ਹੈ। ਉਸਨੇ ਸੋਸ਼ਲ ਮੀਡੀਆ 'ਤੇ ਪ੍ਰਚਲਿਤ '75 ਹਾਰਡ' ਚੈਲੇਂਜ ਨੂੰ ਸਵੀਕਾਰ ਕਰ ਲਿਆ ਅਤੇ ਇਸ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ। ਇਸ ਚੈਲੇਂਜ ਵਿੱਚ 75 ਦਿਨਾਂ ਤੱਕ ਇੱਕ ਰੁਟੀਨ ਦਾ ਪਾਲਣ ਕਰਨਾ ਹੁੰਦਾ ਹੈ, ਜਿਵੇਂ ਸਵੇਰੇ ਜਲਦੀ ਉੱਠਣਾ, ਰੋਜ਼ਾਨਾ ਕਸਰਤ ਕਰਨਾ, ਬਾਹਰ ਦਾ ਖਾਣਾ ਨਾ ਖਾਣਾ, ਸ਼ਰਾਬ ਛੱਡਣਾ, ਰੋਜ਼ਾਨਾ 10 ਮਿੰਟ ਇੱਕ ਕਿਤਾਬ ਪੜ੍ਹਨਾ। ਇਸ ਚੁਣੌਤੀ ਨੂੰ ਸਵੀਕਾਰ ਕਰਨ ਵਾਲੇ ਨੂੰ ਰੋਜ਼ਾਨਾ ਪੀਣ ਵਾਲੇ ਪਾਣੀ ਦੀ ਮਾਤਰਾ ਵਧਾਉਣੀ ਪੈਂਦੀ ਹੈ ਅਤੇ ਰੋਜ਼ਾਨਾ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨੀ ਪੈਂਦੀ ਹੈ। ਮਿਸ਼ੇਲ ਫੇਅਰਬਰਨ ਬਿਲਕੁਲ ਇੰਝ ਹੀ ਕਰ ਰਹੀ ਸੀ।
ਵਿਗੜੀ ਸਿਹਤ
ਮਿਸ਼ੇਲ ਲਗਾਤਾਰ 12 ਦਿਨਾਂ ਤੱਕ 4 ਲੀਟਰ ਪਾਣੀ ਪੀਂਦੀ ਰਹੀ। 12 ਦਿਨਾਂ ਬਾਅਦ ਉਸ ਨੇ ਟਿਕਟਾਕ 'ਤੇ ਆਪਣੀ ਇਕ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਮਹਿਸੂਸ ਕਰ ਰਹੀ ਹੈ ਕਿ ਜ਼ਿਆਦਾ ਪਾਣੀ ਪੀਣ ਕਾਰਨ ਉਸ ਦੀ ਸਿਹਤ ਵਿਗੜ ਰਹੀ ਹੈ। ਵੀਡੀਓ 'ਚ ਮਿਸ਼ੇਲ ਨੇ ਕਿਹਾ ਕਿ 'ਉਹ ਬਿਲਕੁਲ ਵੀ ਠੀਕ ਮਹਿਸੂਸ ਨਹੀਂ ਕਰ ਰਹੀ। ਕਈ ਵਾਰ ਰਾਤ ਨੂੰ ਸੌਣ ਤੋਂ ਬਾਅਦ ਉਸ ਦੀ ਨੀਂਦ ਖੁੱਲੀ ਅਤੇ ਉਸ ਨੂੰ ਬਾਥਰੂਮ ਜਾਣਾ ਪਿਆ। ਉਸ ਨੂੰ ਭੁੱਖ ਲਗਣੀ ਬੰਦ ਹੋ ਗਈ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗੀ। ਉਸ ਨੂੰ ਦਿਨ ਦੇ ਕਈ ਘੰਟੇ ਟਾਇਲਟ ਵਿੱਚ ਬਿਤਾਉਣੇ ਪੈਂਦੇ ਸਨ।
ਟੈਸਟ 'ਚ ਹੋਇਆ ਖੁਲਾਸਾ
ਟਿਕਟਾਕਰ ਨੇ ਅੱਗੇ ਕਿਹਾ ਕਿ 'ਤਬੀਅਤ ਖਰਾਬ ਹੋਣ ਤੋਂ ਬਾਅਦ ਉਹ ਡਾਕਟਰ ਕੋਲ ਗਈ। ਡਾਕਟਰ ਦੇ ਕਹਿਣ 'ਤੇ ਕਈ ਤਰ੍ਹਾਂ ਦੇ ਟੈਸਟ ਕਰਵਾਏ ਗਏ। ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਡਾਕਟਰ ਨੇ ਮਿਸ਼ੇਲ ਨੂੰ ਦੱਸਿਆ ਕਿ ਉਸ ਨੂੰ ਸੋਡੀਅਮ ਦੀ ਕਮੀ (sodium deficiency) ਨਾਂ ਦੀ ਬੀਮਾਰੀ ਹੈ। ਲਗਾਤਾਰ 4 ਲੀਟਰ ਪਾਣੀ ਪੀਣ ਕਾਰਨ ਅਜਿਹਾ ਹੋਇਆ। ਡਾਕਟਰ ਨੇ ਉਸ ਨੂੰ ਕੁਝ ਦਿਨਾਂ ਤੱਕ ਰੋਜ਼ਾਨਾ ਅੱਧਾ ਲੀਟਰ ਤੋਂ ਘੱਟ ਪਾਣੀ ਪੀਣ ਦੀ ਸਲਾਹ ਦਿੱਤੀ। ਡਾਕਟਰ ਨੇ ਉਸ ਨੂੰ ਦੱਸਿਆ ਕਿ ਜੇਕਰ ਸੋਡੀਅਮ ਦੀ ਕਮੀ ਜਾਂ ਹਾਈਪੋਨੇਟ੍ਰੀਮੀਆ ਦਾ ਸਮੇਂ ਸਿਰ ਇਲਾਜ ਨਾ ਕੀਤਾ ਗਿਆ, ਤਾਂ ਇਹ ਮੌਤ ਦਾ ਕਾਰਨ ਵੀ ਬਣ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਲੱਖਾਂ ਰੁਪਏ ਖਰਚ ਕਰ ਕੇ ਸ਼ਖ਼ਸ ਬਣਿਆ 'ਕੁੱਤਾ', ਸੜਕ 'ਤੇ ਜਾਨਵਰ ਦੇ ਰੂਪ 'ਚ ਦੇਖ ਲੋਕ ਹੋਏ ਹੈਰਾਨ (ਵੀਡੀਓ)
ਹਸਪਤਾਲ ਵਿੱਚ ਰਹੀ ਦਾਖਲ
ਮਿਸ਼ੇਲ ਨੇ ਅੱਗੇ ਕਿਹਾ ਕਿ 'ਸੋਡੀਅਮ ਦੀ ਕਮੀ ਤੋਂ ਪੀੜਤ ਹੋਣ ਕਾਰਨ ਉਸ ਨੂੰ ਹਸਪਤਾਲ 'ਚ ਦਾਖਲ ਹੋਣਾ ਪਿਆ। ਉਸ ਦੇ ਸਰੀਰ 'ਚ ਸੋਡੀਅਮ ਦੀ ਕਮੀ ਹੈ, ਜਿਸ ਨੂੰ ਹੁਣ ਦਵਾਈਆਂ ਰਾਹੀਂ ਵਧਾਇਆ ਜਾਵੇਗਾ। ਉਹ ਵਿਸ਼ਵਾਸ ਨਹੀਂ ਕਰ ਸਕਦੀ ਕਿ ਅਜਿਹਾ ਵੀ ਹੋ ਸਕਦਾ ਹੈ, ਪਰ ਉਹ 75 ਹਾਰਡ ਚੈਲੇਂਜ ਨੂੰ ਛੱਡਣ ਵਾਲੀ ਨਹੀਂ ਹੈ। ਹਾਲਾਂਕਿ ਡਾਕਟਰ ਦੀ ਸਲਾਹ ਅਨੁਸਾਰ ਹੁਣ ਉਹ ਅੱਧਾ ਲੀਟਰ ਤੋਂ ਘੱਟ ਪਾਣੀ ਪੀਣ ਜਾ ਰਹੀ ਹੈ।
ਇੰਝ ਹੋਈ 75 ਹਾਰਡ ਚੈਲੇਂਜ ਦੀ ਸ਼ੁਰੂਆਤ
ਇਹ ਫਿਟਨੈਸ ਚੈਲੇਂਜ 2019 ਵਿੱਚ ਇੱਕ ਪੋਡਕਾਸਟਰ ਅਤੇ ਇੱਕ ਸਪਲੀਮੈਂਟ ਕੰਪਨੀ ਦੇ ਸੀਈਓ ਐਂਡੀ ਫ੍ਰੀਸੇਲਾ ਦੁਆਰਾ ਸ਼ੁਰੂ ਕੀਤਾ ਗਿਆ ਸੀ। ਉਸ ਨੇ ਇਸ ਨੂੰ ਮਨੁੱਖੀ ਮਨ ਲਈ ‘ਆਇਰਨਮੈਨ’ ਕਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਸ ਫਿਟਨੈੱਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਜੇ ਡਾਕਟਰ ਇਸ ਦੀ ਸਲਾਹ ਨਹੀਂ ਦਿੰਦਾ ਤਾਂ ਇਸਨੂੰ ਸ਼ੁਰੂ ਨਾ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।