ਅਮਰੀਕਾ ’ਚ ਡੀਸੀ, ਤਿੰਨ ਰਾਜਾਂ ਨੇ ਗੂਗਲ ਖ਼ਿਲਾਫ਼ ਦਰਜ ਕਰਾਇਆ ਮੁਕੱਦਮਾ

Tuesday, Jan 25, 2022 - 12:46 PM (IST)

ਵਾਸ਼ਿੰਗਟਨ (ਭਾਸ਼ਾ) : ਯੂ.ਐਸ. ਡਿਸਟ੍ਰਿਕਟ ਆਫ਼ ਕੋਲੰਬੀਆ (ਡੀ.ਸੀ.) ਅਤੇ ਤਿੰਨ ਰਾਜਾਂ ਨੇ ਕਥਿਤ ਤੌਰ ’ਤੇ ਖਪਤਕਾਰਾਂ ਨੂੰ ਧੋਖਾ ਦੇਣ ਅਤੇ ਉਨ੍ਹਾਂ ਦੀ ਗੋਪਨੀਯਤਾ ਦੀ ਉਲੰਘਣਾ ਕਰਨ ਲਈ ਗੂਗਲ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਾਇਆ ਹੈ। ਵਾਸ਼ਿੰਗਟਨ ਦੀ ਇਕ ਅਦਾਲਤ ਵਿਚ ਸੋਮਵਾਰ ਨੂੰ ਦਰਜ ਮੁਕੱਦਮੇ ਵਿਚ, ਡੀਸੀ ਦੇ ਅਟਾਰਨੀ ਜਨਰਲ ਕਾਰਲ ਰੇਸੀਨ ਨੇ ਦੋਸ਼ ਲਾਇਆ ਕਿ ਗੂਗਲ ਨੇ ਉਪਭੋਗਤਾਵਾਂ ਦੇ ‘ਲੋਕੇਸ਼ਨ’ (ਉਪਭੋਗਤਾ ਕਿੱਥੇ ਹੈ ਇਸ ਬਾਰੇ ਜਾਣਕਾਰੀ) ’ਤੇ ਨਜ਼ਰ ਰੱਖ ਕੇ ਅਤੇ ਉਸ ਦੀ ਵਰਤੋਂ ਕਰਕੇ ਉਹਨਾਂ ਨੂੰ ਯੋਜਨਾਬੱਧ ਢੰਗ ਨਾਲ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੂਗਲ ਨੇ ਖਪਤਕਾਰਾਂ ਨੂੰ ਇਹ ਯਕੀਨ ਦਿਵਾ ਕੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ ਕਿ ਉਹ ਉਨ੍ਹਾਂ ਬਾਰੇ ਵਿਚ ਕੰਪਨੀ ਵੱਲੋਂ ਇਕੱਠੀ ਕੀਤੀ ਜਾਣਕਾਰੀ ਨੂੰ ਕੰਟਰੋਲ ਕਰ ਸਕਦੇ ਹਨ।

ਇਹ ਵੀ ਪੜ੍ਹੋ: ਸਿੰਗਾਪੁਰ ’ਚ ਸਰਕਾਰੀ ਮੁਲਾਜ਼ਮਾਂ ਨੂੰ ਮਾੜੇ ਬੋਲ ਬੋਲਣ ਦੇ ਦੋਸ਼ ’ਚ ਭਾਰਤੀ ਮੂਲ ਦੇ ਵਿਅਕਤੀ ਖ਼ਿਲਾਫ਼ ਵੱਡੀ ਕਾਰਵਾਈ

ਮੁਕੱਦਮੇ ਵਿਚ ਕਿਹਾ ਗਿਆ ਹੈ, ‘ਹਕੀਕਤ ਇਹ ਹੈ ਕਿ ਗੂਗਲ ਉਤਪਾਦਾਂ ਦੀ ਵਰਤੋਂ ਕਰਨ ਵਾਲੇ ਖਪਤਕਾਰ ਕੰਪਨੀ ਨੂੰ ਉਨ੍ਹਾਂ ਦੀ ਲੋਕੇਸ਼ਨ ਦੀ ਜਾਣਕਾਰੀ ਸਾਂਝੀ ਕਰਨ, ਇਸ ਨੂੰ ਇਕੱਠਾ ਕਰਨ ਅਤੇ ਇਸ ਤੋਂ ਲਾਭ ਲੈਣ ਤੋਂ ਨਹੀਂ ਰੋਕ ਸਕਦੇ।’ ਇਸ ਵਿਚ ਕਿਹਾ ਗਿਆ ਹੈ, ‘ਗੂਗਲ ਕੋਲ ਖਪਤਾਕਾਰਾਂ ਦੇ ਰੋਜ਼ਾਨਾ ਜੀਵਨ ’ਤੇ ਨਜ਼ਰ ਰੱਖਣ ਦੀ ਅਸਾਧਾਰਨ ਸਮਰੱਥਾ ਹੈ।’ ਰੇਸੀਨ ਦੇ ਦਫ਼ਤਰ ਅਨੁਸਾਰ, ਟੈਕਸਾਸ, ਇੰਡੀਆਨਾ ਅਤੇ ਵਾਸ਼ਿੰਗਟਨ ਰਾਜ ਦੇ ਅਟਾਰਨੀ ਜਨਰਲਾਂ ਨੇ ਵੀ ਆਪਣੇ-ਆਪਣੇ ਰਾਜਾਂ ਦੀਆਂ ਅਦਾਲਤਾਂ ਵਿਚ ਇਸ ਤਰ੍ਹਾਂ ਦੇ ਮੁਕੱਦਮੇ ਦਰਜ ਕਰਾਏ ਹਨ। ਗੂਗਲ ਦੇ ਬੁਲਾਰੇ ਜੋਸ ਕਾਸਟਾਨੇਡਾ ਨੇ ਇਕ ਬਿਆਨ ਵਿਚ ਕਿਹਾ, ‘ਅਟਾਰਨੀ ਜਨਰਲ ਨੇ ਗ਼ਲਤ ਦਾਅਵਿਆਂ ਅਤੇ ਸਾਡੀ ਸੈਟਿੰਗ ਦੇ ਬਾਰੇ ਵਿਚ ਪੁਰਾਣੇ ਦੋਸ਼ਾਂ ਦੇ ਆਧਾਰ ’ਤੇ ਇਹ ਮੁਕੱਦਮੇ ਦਰਜ ਕੀਤੇ ਹਨ।’ ਉਨ੍ਹਾਂ ਕਿਹਾ ਕਿ ਗੂਗਲ ਨੇ ਆਪਣੇ ਉਤਪਾਦਾਂ ਵਿਚ ਖਪਤਕਾਰਾਂ ਦੀ ਨਿੱਜਤਾ ਦਾ ਖ਼ਾਸ ਧਿਆਨ ਰੱਖਿਆ ਹੈ। 

ਇਹ ਵੀ ਪੜ੍ਹੋ: ਇੰਡੋਨੇਸ਼ੀਆ ’ਚ ਨਾਈਟ ਕਲੱਬ ’ਚ 2 ਸਮੂਹਾਂ ਵਿਚਾਲੇ ਝੜਪ, 19 ਮੌਤਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News