ਕੈਲੀਫੋਰਨੀਆ ਦੀ ਜੇਲ੍ਹ ''ਚੋਂ ਫਰਾਰ ਹੋਏ 6 ਵਿਚੋਂ 3 ਕੈਦੀ ਕਾਬੂ
Thursday, Jan 14, 2021 - 10:16 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਸੂਬੇ ਦੀ ਮਰਸੇਡ ਕਾਉਂਟੀ ਦੀ ਮੁੱਖ ਜੇਲ੍ਹ ਵਿਚੋਂ ਪਿਛਲੇ ਦਿਨੀਂ ਫਰਾਰ ਹੋਏ 6 ਵਿੱਚੋਂ 3 ਕੈਦੀਆਂ ਨੂੰ ਪੁਲਸ ਨੇ ਦੁਬਾਰਾ ਫੜ ਲਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਭੱਜੇ ਹੋਏ ਕੈਦੀਆਂ ਵਿਚੋਂ ਲੋਸ ਬਾਨੋਸ ਨਾਲ ਸੰਬੰਧਤ 22 ਸਾਲਾ ਫੈਬੀਅਨ ਕਰੂਜ਼ ਰੋਮਨ ਅਤੇ ਪਲਾਨਡਾ ਦੇ 21 ਸਾਲਾ ਐਂਡਰਸ ਨੂਨੇਜ਼ ਰੌਡਰਿਗਜ਼ ਨੂੰ ਮੰਗਲਵਾਰ ਰਾਤ ਤਕਰੀਬਨ 8:30 ਵਜੇ ਸੈਨ ਡਿਏਗੋ ਖੇਤਰ ਵਿਚ ਫੜ ਲਿਆ ਗਿਆ ਸੀ।
ਇਸ ਸੰਬੰਧੀ ਮਰਸੇਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਵਲੋਂ ਇਕ ਸੋਸ਼ਲ ਮੀਡੀਆ ਪੋਸਟ ਅਨੁਸਾਰ ਇਨ੍ਹਾਂ ਕੈਦੀਆਂ ਨੂੰ ਵਾਪਸ ਮਰਸਡ ਕਾਉਂਟੀ ਵਿਚ ਲਿਜਾਇਆ ਜਾ ਰਿਹਾ ਹੈ। ਇਨ੍ਹਾਂ ਕੈਦੀਆਂ 'ਤੇ ਰੋਮਨ ਕਤਲ , ਰੌਡਰਿਗਜ਼ ਕਤਲ ਦੀ ਕੋਸ਼ਿਸ਼, ਗੋਲੀ ਚਲਾਉਣ, ਅਪਰਾਧਿਕ ਗਿਰੋਹ ਵਿਚ ਹਿੱਸਾ ਲੈਣ ਆਦਿ ਦੇ ਦੋਸ਼ ਲੱਗੇ ਹਨ। ਇਨ੍ਹਾਂ ਨਾਲ ਇਕ ਤੀਜੇ ਭਗੌੜੇ ਕੈਦੀ, ਪੋਰਟਲੈਂਡ ਦੇ 22 ਸਾਲਾ ਐਡਗਰ ਐਡੁਆਰਡੋ ਵੈਂਤੂਰਾ ਨੂੰ ਮਰਸੇਡ ਕਾਉਂਟੀ ਦੇ ਸ਼ੈਰਿਫ ਵਰਨ ਵਾਰਨਕੇ ਅਨੁਸਾਰ ਮੰਗਲਵਾਰ ਦੁਪਹਿਰ ਨੂੰ ਫਾਇਰਬਾਗ ਖੇਤਰ ਵਿਚ ਗ੍ਰਿਫ਼ਤਾਰ ਕੀਤਾ ਗਿਆ ।
ਅਧਿਕਾਰੀ ਵਾਰਨਕੇ ਨੇ ਦੱਸਿਆ ਕਿ ਇਨ੍ਹਾਂ ਭਗੌੜੇ ਕੈਦੀਆਂ ਨੂੰ ਫੜਨ ਲਈ ਵਿਭਾਗ ਨੇ 24 ਘੰਟੇ ਲਗਾਤਾਰ ਮਿਹਨਤ ਕੀਤੀ ਹੈ ਜੋ ਸਾਰੇ ਛੇ ਕੈਦੀਆਂ ਦੇ ਹਿਰਾਸਤ ਵਿਚ ਆਉਣ ਤੱਕ ਜਾਰੀ ਰਹੇਗੀ। ਭੱਜੇ ਹੋਏ ਬਾਕੀ ਕੈਦੀਆਂ ਨੂੰ ਲੱਭਣ ਲਈ ਸੰਯੁਕਤ ਰਾਜ ਮਾਰਸ਼ਲ ਸਰਵਿਸ ਵਲੋਂ ਪ੍ਰਤੀ ਕੈਦੀ 5,000 ਡਾਲਰ ਤੱਕ ਦਾ ਇਨਾਮ ਰੱਖਿਆ ਗਿਆ ਹੈ।