ਪਾਕਿਸਤਾਨ ਦੇ ਗਵਾਦਰ ''ਚ ਸੁਰੱਖਿਆ ਬਲਾਂ ਨਾਲ ਝੜਪ ਦੌਰਾਨ ਤਿੰਨ ਲੋਕਾਂ ਦੀ ਮੌਤ

Monday, Jul 29, 2024 - 04:54 PM (IST)

ਕਰਾਚੀ : ਪਾਕਿਸਤਾਨ ਵਿਚ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਗਵਾਦਰ ਸ਼ਹਿਰ ਵਿਚ ਬਲੋਚ ਲੋਕਾਂ ਦੇ ਅਧਿਕਾਰਾਂ ਦੇ ਲਈ ਧਰਨੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋਈ, ਜਿਸ ਵਿਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਮੀਡੀਆ ਵਿਚ ਸੋਮਵਾਰ ਨੂੰ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਬਲੋਚਿਸਤਾਨ ਯਕਜੇਹਤੀ ਕਮੇਟੀ ਵੱਲੋਂ ਕਰਵਾਇਆ ਧਰਨਾ ਐਤਵਾਰ ਨੂੰ ਸ਼ੁਰੂ ਹੋਇਆ ਤੇ ਸੁਰੱਖਿਆ ਬਲਾਂ ਦੇ ਨਾਲ ਝੜਪ ਵਿਚ ਕਈ ਲੋਕ ਜ਼ਖਮੀ ਹੋ ਗਏ। ਬੀਵਾਈਸੀ ਬਲੋਚਿਸਤਾਨ ਸੂਬੇ ਦੇ ਲੋਕਾਂ ਦੇ ਅਧਿਕਾਰਾਂ ਤੇ ਉਸ ਦੇ ਕੁਦਰਤੀ ਸੰਸਾਧਨਾਂ ਦੀ ਸੁਰੱਖਿਆ ਦੇ ਲਈ ਪ੍ਰਦਰਸ਼ਨ ਕਰ ਰਹੀ ਹੈ। ਡਾਨ ਅਖਬਾਰ ਦੀ ਖਬਰ ਮੁਤਾਬਕ ਅਧਿਕਾਰੀਆਂ ਨੇ ਗਵਾਦਰ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ, ਫਿਰ ਵੀ ਵੱਡੀ ਗਿਣਤੀ ਵਿਚ ਲੋਕ ਬਲੋਚ ਕਾਜੀ ਮੁਚੀ ਦੇ ਲਈ ਮਰੀਨ ਡਰਾਈਵ 'ਤੇ ਜਮਾਂ ਹੋਣ ਵਿਚ ਸਫਲ ਰਹੇ। ਜਦੋਂ ਲੋਕਾਂ ਨੇ ਮਰੀਨ ਡਰਾਈਵ ਪਹੁੰਚਣਾ ਸ਼ੁਰੂ ਕੀਤਾ ਤਾਂ ਕੁਝ ਜਾਂਚ ਚੌਕੀਆਂ ਤੇ ਗਵਾਦਰ ਦੇ ਨੇੜੇ ਸੁਰੱਖਿਆ ਬਲਾਂ ਦੇ ਨਾਲ ਝੜਪਾਂ ਦੀ ਖਬਰ ਆਈ। ਪ੍ਰਦਰਸ਼ਨਕਾਰੀਆਂ ਵੱਲੋਂ ਕੁਝ ਚੌਕੀਆਂ 'ਤੇ ਹਮਲਾ ਕਰਨ ਦੀਆਂ ਵੀ ਰਿਪੋਰਟਾਂ ਹਨ। ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਹੰਝੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾਉਣੀਆਂ ਪਈਆਂ।

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਝੜਪ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 28 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਗਵਾਦਰ ਦੇ ਸਰਕਾਰੀ ਹਸਪਤਾਲ ਵਿਚ ਤਿੰਨ ਲਾਸ਼ਾਂ ਤੇ ਅੱਠ ਲੋਕ ਜ਼ਖਮੀ ਹਨ। ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਝੜਪਾਂ ਦੌਰਾਨ ਗੋਲੀਬਾਰੀ ਕੀਤੀ, ਜਿਸ ਵਿਚ ਮਸਤੁੰਗ ਵਿਚ 14 ਲੋਕ ਜ਼ਖਮੀ ਹੋ ਗਏ। ਐਤਵਾਰ ਨੂੰ ਤੁਰਬਤ ਵਿਚ ਚਾਰ ਹੋ ਲੋਕ ਜ਼ਖਮੀ ਹੋਏ। ਗਵਾਦਰ ਵਿਚ ਸਭਾ ਨੂੰ ਸੰਬੋਧਿਤ ਕਰਦਿਆਂ ਬੀਵਾਈਸੀ ਨੇਤਾ ਡਾ. ਮਹਰੰਗ ਬਲੋਚ ਤੇ ਹੋਰ ਲੋਕਾਂ ਨੇ ਬਲੋਚ ਲੋਕਾਂ ਦੇ ਅਧਿਕਾਰਾਂ ਤੇ ਸੂਬੇ ਦੇ ਸੰਸਾਧਨਾਂ ਦੀ ਸੁਰੱਖਿਆ ਦੇ ਲਈ ਆਪਣੇ ਸੰਘਰਸ਼ ਨੂੰ ਨਾ ਛੱਡਣ ਦਾ ਸੰਕਲਪ ਲਿਆ।

ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਤੋਂ ਸੂਬੇ ਦੇ ਕਈ ਹਿੱਸਿਆੰ ਵਿਚ ਜਨਜੀਵਨ ਪਟੜੀ ਤੋਂ ਉਤਰ ਗਿਆ ਹੈ ਤੇ ਗਵਾਦਰ ਤੇ ਕੋਟਾ ਵੱਲ ਜਾਣ ਵਾਲੀਆਂ ਸੜਕਾਂ ਤੇ ਰਾਜਮਾਰਗ ਪ੍ਰਦਰਸ਼ਨਕਾਰੀਆਂ ਜਾਂ ਸੁਰੱਖਿਆ ਬਲਾਂ ਵੱਲੋਂ ਰੋਕੇ ਗਏ ਹਨ। ਗੋਲੀਬਾਰੀ ਦੇ ਵਿਰੋਧ ਵਿਚ ਸੂਬੇ ਦੇ ਕਈ ਹਿੱਸਿਆ ਵਿਚ ਹੜਤਾਲ ਰਹੀ। ਐਮਨੈਸਟੀ ਇੰਟਰਨੈਸ਼ਨਲ ਨੇ ਪਾਕਿਸਤਾਨੀ ਅਧਿਕਾਰੀਆਂ ਤੋਂ ਬਲੋਚਿਸਤਾਨ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਤੇ ਗਵਾਦਰ ਜਾਣ ਵਾਲੇ ਰਸਤਿਆਂ ਤੋਂ ਰੁਕਾਵਟਾਂ ਹਟਾ ਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੇ ਤਹਿਤ ਆਪਣੀਆਂ ਡਿਊਟੀਆਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ।


Baljit Singh

Content Editor

Related News