ਜੰਗ ਰੁਕੀ, ਤਣਾਅ ਬਰਕਰਾਰ; ਅਮਰੀਕਾ-ਈਰਾਨ ਟਕਰਾਅ ਕਾਰਨ ਵਿਸ਼ਵ ਆਰਥਿਕਤਾ ’ਤੇ ਖ਼ਤਰਾ
Friday, May 01, 2026 - 11:26 AM (IST)
ਵਾਸ਼ਿੰਗਟਨ/ਤਹਿਰਾਨ, (ਇੰਟ) : ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਗਏ ਸਾਂਝੇ ਹਮਲੇ ਦੇ 2 ਮਹੀਨਿਆਂ ਬਾਅਦ ਵੀ ਹਾਲਾਤ ਸਪੱਸ਼ਟ ਨਹੀਂ ਹਨ। ਗੱਲਬਾਤ ਠੱਪ ਹੈ ਅਤੇ ਹੋਰਮੁਜ਼ ਸਟ੍ਰੇਟ ਵਿਚ ਜਾਰੀ ਨਾਕੇਬੰਦੀ ਨੇ ਵਿਸ਼ਵ ਪੱਧਰੀ ਊਰਜਾ ਸਪਲਾਈ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਈਰਾਨ ਦੇ ਪਰਮਾਣੂ ਪ੍ਰੋਗਰਾਮ ’ਤੇ ਵੀ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ ਹੈ। ਮਾਹਿਰਾਂ ਅਨੁਸਾਰ ਇਹ ‘ਨਾ ਜੰਗ-ਨਾ ਸਮਝੌਤਾ’ ਦੀ ਸਥਿਤੀ ਦੋਵਾਂ ਪੱਖਾਂ ਲਈ ਮਹਿੰਗੀ ਸਾਬਤ ਹੋ ਰਹੀ ਹੈ। ਅਮਰੀਕਾ ਪਹਿਲਾਂ ਹੀ 20 ਤੋਂ 25 ਅਰਬ ਡਾਲਰ ਖਰਚ ਕਰ ਚੁੱਕਾ ਹੈ, ਜਦਕਿ ਲੰਬੇ ਸਮੇਂ ਤੱਕ ਨਾਕੇਬੰਦੀ ਬਣਾਈ ਰੱਖਣਾ ਵੀ ਸੌਖਾ ਨਹੀਂ ਹੈ। ਈਰਾਨ ਲਈ ਵੀ ਬੰਦਰਗਾਹਾਂ ਦੀ ਨਾਕੇਬੰਦੀ ਆਰਥਿਕ ਦਬਾਅ ਵਧਾ ਰਹੀ ਹੈ।
‘ਫਰੋਜ਼ਨ ਵਾਰ’ ਦੀ ਭਾਰੀ ਕੀਮਤ
8 ਅਪ੍ਰੈਲ ਤੋਂ ਲਾਗੂ ਜੰਗਬੰਦੀ ਦੇ ਬਾਵਜੂਦ ਸਾਰੇ ਫੌਜੀ ਬਦਲ ਖੁੱਲ੍ਹੇ ਹਨ। ਇਸੇ ਦੌਰਾਨ ਕਤਰ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਸਥਿਤੀ ‘ਫਰੋਜ਼ਨ ਕਾਨਫਲਿਕਟ’ ਦਾ ਰੂਪ ਲੈ ਸਕਦੀ ਹੈ, ਜਿਥੇ ਸਮੇਂ-ਸਮੇਂ ’ਤੇ ਹਿੰਸਕ ਝੜਪਾਂ ਹੁੰਦੀਆਂ ਰਹਿਣਗੀਆਂ ਅਤੇ ਤਣਾਅ ਬਣਿਆ ਰਹੇਗਾ। ਵਾਈਟ ਹਾਊਸ ਦੀ ਬੁਲਾਰਨ ਐਨਾ ਕੇਲੀ ਅਨੁਸਾਰ ਅਮਰੀਕਾ ਗੱਲਬਾਤ ਜਾਰੀ ਰੱਖ ਰਿਹਾ ਹੈ ਪਰ ਉਹ ਜਲਦਬਾਜ਼ੀ ਵਿਚ ਕੋਈ ਖਰਾਬ ਸਮਝੌਤਾ ਨਹੀਂ ਕਰੇਗਾ। ਉਥੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਨਵੇਂ ਪ੍ਰਸਤਾਵ ’ਤੇ ਚਰਚਾ ਕੀਤੀ ਹੈ ਪਰ ਅਜੇ ਤੱਕ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ।
ਹੋਰਮੁਜ਼ ਬਣਿਆ ਸਭ ਤੋਂ ਵੱਡਾ ਹਥਿਆਰ
ਈਰਾਨ ਨੇ ਹੋਰਮੁਜ਼ ਸਟ੍ਰੇਟ ਨੂੰ ਦਬਾਅ ਦੇ ਹਥਿਆਰ ਵਜੋਂ ਵਰਤਿਆ ਹੈ। ਜਹਾਜ਼ਾਂ ’ਤੇ ਟੈਕਸ (ਟੋਲ) ਲਗਾਉਣ ਅਤੇ ਰੁਕਾਵਟਾਂ ਖੜ੍ਹੀਆਂ ਕਰਨ ਨਾਲ ਵਿਸ਼ਵ ਪੱਧਰੀ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਅਮਰੀਕਾ ’ਚ ਪੈਟਰੋਲ ਦੀਆਂ ਕੀਮਤਾਂ 4 ਸਾਲਾਂ ਦੇ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੰਘਰਸ਼ ‘ਪ੍ਰੋਲੋਂਗਡ’ ਤੋਂ ‘ਪ੍ਰੋਟ੍ਰੈਕਟਡ’ ਭਾਵ ਲੰਬੇ ਸਮੇਂ ਤੱਕ ਚੱਲਣ ਵਾਲੀ ਜੰਗ ’ਚ ਬਦਲ ਸਕਦਾ ਹੈ। ਲਗਾਤਾਰ ਹੋ ਰਹੇ ਹਵਾਈ ਹਮਲੇ ਅਤੇ ਜਵਾਬੀ ਕਾਰਵਾਈਆਂ ਹੱਲ ਕੱਢਣ ਦੀ ਬਜਾਏ ਤਣਾਅ ਨੂੰ ਵਧਾ ਰਹੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪੈਟਰੋਲ 6 ਰੁਪਏ ਅਤੇ ਡੀਜਲ 19 ਰੁਪਏ ਹੋਇਆ ਮਹਿੰਗਾ! ਮਹੀਨੇ ਦੇ ਪਹਿਲੇ ਦਿਨ ਪਾਕਿ ਸਰਕਾਰ ਨੇ ਦਿੱਤਾ ਝਟਕਾ
ਡਰੋਨ ਯੁੱਧ ਵੱਲ ਵਧਦਾ ਰੁਝਾਨ
ਅਮਰੀਕਾ ਹੁਣ ਡਰੋਨ ਯੁੱਧ ’ਤੇ ਜ਼ਿਆਦਾ ਧਿਆਨ ਦੇ ਰਿਹਾ ਹੈ। ਸਾਲ 2027 ਲਈ 53.6 ਅਰਬ ਡਾਲਰ ਦਾ ਬਜਟ ਪ੍ਰਸਤਾਵਿਤ ਕੀਤਾ ਗਿਆ ਹੈ। ਘੱਟ ਲਾਗਤ ਵਾਲੇ ਡਰੋਨ ਹਮਲੇ ਜੰਗ ਨੂੰ ਲੰਬਾ ਖਿੱਚ ਸਕਦੇ ਹਨ ਅਤੇ ਨੁਕਸਾਨ ਵਧਾ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਇਜ਼ਰਾਈਲ ਦੀ ‘ਮੋਇੰਗ ਦਾ ਗ੍ਰਾਸ’ ਰਣਨੀਤੀ ਅਪਣਾ ਸਕਦਾ ਹੈ, ਜਿਸ ਵਿਚ ਸਮੇਂ-ਸਮੇਂ ’ਤੇ ਹਮਲੇ ਕਰ ਕੇ ਦੁਸ਼ਮਣ ਨੂੰ ਕਮਜ਼ੋਰ ਰੱਖਿਆ ਜਾਂਦਾ ਹੈ ਪਰ ਈਰਾਨ ਵਰਗੇ ਸ਼ਕਤੀਸ਼ਾਲੀ ਦੇਸ਼ ਵਿਰੁੱਧ ਇਹ ਰਣਨੀਤੀ ਜੋਖਮ ਭਰੀ ਹੋ ਸਕਦੀ ਹੈ।
ਵਿਸ਼ਵ ਆਰਥਿਕਤਾ ’ਤੇ ਅਸਰ
ਇਸ ਸੰਘਰਸ਼ ਦਾ ਅਸਰ ਸਿਰਫ਼ ਖੇਤਰੀ ਨਹੀਂ ਹੈ। ਤੇਲ ਦੀਆਂ ਕੀਮਤਾਂ, ਸਪਲਾਈ ਚੇਨ ਅਤੇ ਵਿਸ਼ਵ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਈਰਾਨ ਵਿਚ ਅਨਾਜ ਦੀ ਸਪਲਾਈ ’ਤੇ ਵੀ ਅਸਰ ਪਿਆ ਹੈ, ਜਿਸ ਨਾਲ ਭੋਜਨ ਸੰਕਟ ਦਾ ਖ਼ਦਸ਼ਾ ਵਧ ਗਿਆ ਹੈ।ਅਮਰੀਕਾ-ਈਰਾਨ ਸੰਘਰਸ਼ ਫਿਲਹਾਲ ਅਨਿਸ਼ਚਿਤਤਾ ਦੇ ਦੌਰ ਵਿਚ ਹੈ। ਨਾ ਤਾਂ ਜੰਗ ਪੂਰੀ ਤਰ੍ਹਾਂ ਖ਼ਤਮ ਹੋ ਰਹੀ ਹੈ ਅਤੇ ਨਾ ਹੀ ਕੋਈ ਸਮਝੌਤਾ ਹੋ ਰਿਹਾ ਹੈ। ਅਜਿਹੀ ਸਥਿਤੀ ’ਚ ‘ਫਰੋਜ਼ਨ ਵਾਰ’ ਦੇ ਹਾਲਾਤ ਲੰਬੇ ਸਮੇਂ ਤੱਕ ਬਣੇ ਰਹਿ ਸਕਦੇ ਹਨ, ਜਿਸ ਦਾ ਅਸਰ ਪੂਰੀ ਦੁਨੀਆ 'ਤੇ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
