ਸਕਾਟਲੈਂਡ: ''ਕਲਾਈਡ ਕਲਾਈਮੇਟ ਫੋਰੈਸਟ'' ਦੇ ਹਿੱਸੇ ਵਜੋਂ ਗਲਾਸਗੋ ਦੀਆਂ ਸੜਕਾਂ ''ਤੇ ਲਗਾਏ ਹਜ਼ਾਰਾਂ ਰੁੱਖ

Saturday, Aug 27, 2022 - 05:00 PM (IST)

ਸਕਾਟਲੈਂਡ: ''ਕਲਾਈਡ ਕਲਾਈਮੇਟ ਫੋਰੈਸਟ'' ਦੇ ਹਿੱਸੇ ਵਜੋਂ ਗਲਾਸਗੋ ਦੀਆਂ ਸੜਕਾਂ ''ਤੇ ਲਗਾਏ ਹਜ਼ਾਰਾਂ ਰੁੱਖ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਪਿਛਲੇ ਸਾਲ ਜੂਨ ਮਹੀਨੇ ਵਿੱਚ ਸ਼ੁਰੂ ਕੀਤੇ ਗਏ ‘ਕਲਾਈਡ ਕਲਾਈਮੇਟ ਫੋਰੈਸਟ’ ਨਾਮਕ ਇੱਕ ਪ੍ਰੋਜੈਕਟ ਦੇ ਹਿੱਸੇ ਵਜੋਂ ਹੁਣ ਤੱਕ ਪੂਰੇ ਗਲਾਸਗੋ ਸ਼ਹਿਰ ਦੇ ਸ਼ਹਿਰੀ ਖੇਤਰਾਂ ਵਿੱਚ ਤਕਰੀਬਨ 60,000 ਰੁੱਖ ਲਗਾਏ ਜਾ ਚੁੱਕੇ ਹਨ। ਇਸ ਪ੍ਰੋਜੈਕਟ ਦਾ ਉਦੇਸ਼ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਅਗਲੇ ਦਹਾਕੇ ਦੌਰਾਨ 18 ਮਿਲੀਅਨ ਰੁੱਖ ਲਗਾਉਣਾ ਹੈ। ਇਸ ਤਹਿਤ ਗਲਾਸਗੋ ਸ਼ਹਿਰ ਵਿੱਚ ਘੱਟ ਦਰੱਖਤਾਂ ਵਾਲੇ ਕੁੱਲ 16 ਇਲਾਕਿਆਂ ਨੂੰ ਆਉਣ ਵਾਲੇ ਸਾਲਾਂ ਵਿੱਚ ਪੌਦੇ ਲਗਾਉਣ ਲਈ ਚੁਣਿਆ ਗਿਆ ਹੈ।

ਇਸ ਸੰਬੰਧੀ ਅਗਲੇ ਹਫ਼ਤੇ ਗਲਾਸਗੋ ਸਿਟੀ ਰੀਜਨ ਕੈਬਨਿਟ ਨੂੰ ਕਲਾਈਡ ਕਲਾਈਮੇਟ ਫੋਰੈਸਟ ਦੇ ਗਠਨ ਤੋਂ ਬਾਅਦ ਦੀ ਪ੍ਰਗਤੀ ਬਾਰੇ ਅਪਡੇਟ ਕੀਤਾ ਜਾਵੇਗਾ। ਇੱਕ ਰਿਪੋਰਟ ਅਨੁਸਾਰ ਮੀਟਿੰਗ ਵਿੱਚ ਕੌਂਸਲਰਾਂ ਨੂੰ "ਕਲਾਈਡ ਕਲਾਈਮੇਟ ਫੋਰੈਸਟ" ਟੀਮ (ਅਤੇ ਇਸਦੇ ਡਿਲਿਵਰੀ ਪਾਰਟਨਰ) ਅਤੇ ਕੌਂਸਲਾਂ ਦੀ ਭੂਮਿਕਾ ਨੂੰ ਸਪੱਸ਼ਟ ਕਰਨ ਲਈ ਇੱਕ ਸਮਝੌਤੇ ਨੂੰ ਮਨਜ਼ੂਰੀ ਦੇਣ ਲਈ ਵੀ ਸਿਫ਼ਾਰਿਸ਼ ਕੀਤੀ ਜਾਵੇਗੀ। ਗਲਾਸਗੋ ਸਿਟੀ ਖੇਤਰ ਗਲਾਸਗੋ ਸਿਟੀ, ਉੱਤਰੀ ਲੈਨਾਰਕਸ਼ਾਇਰ, ਦੱਖਣੀ ਲੈਨਾਰਕਸ਼ਾਇਰ, ਇਨਵਰਕਲਾਈਡ, ਰੇਨਫਰਿਊਸ਼ਾਇਰ, ਈਸਟ ਰੇਨਫਰਿਊਸ਼ਾਇਰ, ਈਸਟ ਡਨਬਰਟਨਸ਼ਾਇਰ ਅਤੇ ਵੈਸਟ ਡਨਬਰਟਨਸ਼ਾਇਰ ਦੇ ਪ੍ਰਬੰਧ ਦੇਖਦਾ ਹੈ। ਉਮੀਦ ਹੈ ਕਿ ਇਸ ਰੁੱਖ ਲਗਾਊ ਮੁਹਿੰਮ ਨਾਲ ਗਲਾਸਗੋ ਦੇ ਘੱਟ ਰੁੱਖਾਂ ਵਾਲੇ ਖੇਤਰ ਵੀ ਹਰੇ ਭਰੇ ਹੋ ਜਾਣਗੇ।


author

cherry

Content Editor

Related News