ਅਫ਼ਗਾਨਿਸਤਾਨ ''ਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਕੰਪਲੈਕਸ ''ਤੇ ਹਮਲੇ ਦੀ ਜਾਂਚ ਦੀ ਮੰਗ ਕੀਤੀ

Monday, Aug 02, 2021 - 12:31 PM (IST)

ਕਾਬੁਲ- ਯੂ.ਐੱਨ. ਅਸਿਸਟੈਂਸ ਮਿਸ਼ਨ ਇਨ ਅਫ਼ਗਾਨਿਸਤਾਨ (ਯੂ.ਐੱਨ.ਏ.ਐੱਮ.ਏ.) ਨੇ ਤਾਲਿਬਾਨ ਤੋਂ ਹੈਰਾਤ ਪ੍ਰਾਂਤ 'ਚ ਆਪਣੇ ਮੁੱਖ ਕੰਪਲੈਕਸ 'ਤੇ ਹੋਏ ਹਮਲੇ 'ਤੇ ਜਵਾਬ ਮੰਗਿਆ ਹੈ ਅਤੇ ਨਾਲ ਹੀ ਇਸ ਹਮਲੇ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ। ਇਸ ਹਮਲੇ 'ਚ ਇਕ ਅਫ਼ਗਾਨ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਸੀ, ਜਦੋਂ ਕਿ ਕੁਝ ਹੋਰ ਜ਼ਖਮੀ ਹੋ ਗਏ ਸਨ। ਸੰਯੁਕਤ ਰਾਸ਼ਟਰ ਨੇ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਯੂ.ਐੱਨ.ਏ.ਐੱਮ.ਏ. ਦਾ ਕਹਿਣਾ ਹੈ ਕਿ 30 ਜੁਲਾਈ ਨੂੰ ਉਨ੍ਹਾਂ ਦੇ ਕੰਪਲੈਕਸ 'ਤੇ ਰਾਕੇਟ ਹਮਲਾ ਕੀਤਾ ਗਿਆ ਅਤੇ ਅੰਨ੍ਹੇਵਾਹ ਗੋਲੀਬਾਰੀ ਵੀ ਕੀਤੀ ਗਈ ਸੀ। ਇਹ ਸਭ ਉਸ ਸਮੇਂ ਹੋਇਆ, ਜਦੋਂ ਅਫ਼ਗਾਨ ਫ਼ੌਜ ਨੇ ਤਾਲਿਬਾਨ ਦੇ ਅੱਤਵਾਦੀਆਂ ਨੂੰ ਹੈਰਾਤ ਪ੍ਰਾਂਤ 'ਚ ਮਾਰ ਸੁੱਟਿਆ ਸੀ। 

ਯੂ.ਐੱਨ.ਏ.ਐੱਮ.ਏ. ਨੇ ਇਸ ਸੰਬੰਧ 'ਚ ਕੀਤੇ ਗਏ ਇਕ ਟਵੀਟ 'ਚ ਕਿਹਾ ਹੈ ਕਿ ਤਾਲਿਬਾਨੀਆਂ ਨੇ ਉਨ੍ਹਾਂ ਦੇ ਕੰਪਲੈਕਸ 'ਚ ਤਾਇਨਾਤ ਗਾਰਡ ਦਾ ਕਤਲ ਕਰ ਦਿੱਤਾ। ਇਸ ਲਈ ਉਸ ਨੂੰ ਜ਼ਿੰਮੇਵਾਰੀ ਲੈਣੀ ਹੋਵੇਗੀ। ਦੱਸਣਯੋਗ ਹੈ ਕਿ ਹੈਰਾਤ ਪ੍ਰਾਂਤ 'ਚ 28 ਜੁਲਾਈ ਤੋਂ ਹੀ ਅਫ਼ਗਾਨ ਅਤੇ ਤਾਲਿਬਾਨ ਅੱਤਵਾਦੀਆਂ ਵਿਚਾਲੇ ਜ਼ਬਰਦਸਤ ਲੜਾਈ ਚੱਲ ਰਹੀ ਹੈ। ਤਾਲਿਬਾਨ ਇਸ 'ਤੇ ਕਬਜ਼ੇ ਲਈ ਪੂਰੀ ਤਾਕਤ ਲਾ ਰਿਹਾ ਹੈ। ਲਗਾਤਾਰ ਚਾਰ ਦਿਨਾਂ ਤੋਂ ਜਾਰੀ ਇਸ ਜੰਗ 'ਚ ਕਈ ਆਮ ਨਾਗਰਿਕਾਂ ਦੀ ਵੀ ਮੌਤ ਹੋ ਚੁਕੀ ਹੈ। ਅਫ਼ਗਾਨਿਸਤਾਨ ਦੇ ਖ਼ਰਾਬ ਹਾਲਾਤਾਂ 'ਤੇ ਅਤੇ ਵਿਸ਼ੇਸ਼ ਕਰ ਕੇ ਆਮ ਨਾਗਰਿਕਾਂ ਨੂੰ ਰਾਹਤ ਏਜੰਸੀਆਂ 'ਤੇ ਹੋਏ ਹਮਲੇ ਨੂੰ ਲੈ ਕੇ ਸੰਯੁਕਤ ਕਾਫ਼ੀ ਚਿੰਤਤ ਹੈ।


DIsha

Content Editor

Related News