ਹਰ ਸ਼ੁੱਕਰਵਾਰ ਲਾੜੀ ਬਣਦੀ ਹੈ ਹੀਰਾ ਜੀਸ਼ਾਨ, ਬੇਹੱਦ ਦਿਲਚਸਪ ਹੈ ਮਾਮਲਾ
Saturday, Dec 11, 2021 - 05:05 PM (IST)
ਇਸਲਾਮਾਬਾਦ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਮਹਿਲਾ ਪਿਛਲੇ 16 ਸਾਲਾਂ ਤੋਂ ਹਰ ਸ਼ੁੱਕਰਵਾਰ ਨੂੰ ਲਾੜੀ ਵਾਂਗ ਸਜਦੀ ਹੈ। ਲੋਕਾਂ ਨੂੰ ਜਦੋਂ ਇਸ ਮਹਿਲਾ ਦੇ ਅਜੀਬੋ-ਗਰੀਬ ਸ਼ੌਂਕ ਬਾਰੇ ਪਤਾ ਲੱਗਾ ਤਾਂ ਹਰ ਕੋਈ ਹੈਰਾਨ ਰਹਿ ਗਿਆ। ਇਸ ਮਹਿਲਾ ਦਾ ਨਾਮ ਹੀਰਾ ਜੀਸ਼ਾਨ ਹੈ ਅਤੇ ਇਸ ਦੀ ਉਮਰ 42 ਸਾਲ ਹੈ। ਹੀਰਾ ਹਰ ਹਫ਼ਤੇ ਸ਼ੁੱਕਰਵਾਰ ਵਾਲੇ ਦਿਨ 16 ਸ਼ਿੰਗਾਰ ਕਰਕੇ ਲਾੜੀ ਵਾਂਗ ਸਜਦੀ ਹੈ। ਇਸ ਦੇ ਬਾਅਦ ਉਹ ਸਾਰਾ ਦਿਨ ਵਿਆਹ ਦੇ ਜੋੜੇ ਵਿਚ ਹੀ ਰਹਿੰਦੀ ਹੈ।
ਹੀਰਾ ਜੀਸ਼ਾਨ ਦਾ ਕਹਿਣਾ ਹੈ ਕਿ 16 ਸਾਲ ਪਹਿਲਾਂ ਉਸ ਦੀ ਮਾਂ ਬਹੁਤ ਜ਼ਿਆਦਾ ਬੀਮਾਰ ਹੋ ਗਈ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਜਦੋਂ ਮਾਂ ਦੀ ਸਿਹਤ ਬਹੁਤ ਜ਼ਿਆਦਾ ਖ਼ਰਾਬ ਹੋਈ ਤਾਂ ਮਾਂ ਨੇ ਹਸਪਤਾਲ ਵਿਚ ਹੀ ਇੱਛਾ ਜਤਾਈ ਕਿ ਉਹ ਮਰਨ ਤੋਂ ਪਹਿਲਾਂ ਆਪਣੀ ਧੀ ਦਾ ਵਿਆਹ ਕਰਾਉਣਾ ਚਾਹੁੰਦੀ ਹੈ, ਜਿਸ ਸ਼ਖ਼ਸ ਨੇ ਉਸ ਦੀ ਮਾਂ ਨੂੰ ਖ਼ੂਨ ਦਿੱਤਾ ਸੀ, ਮਾਂ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਉਸ ਨਾਲ ਹੀ ਹੀਰਾ ਨਾਲ ਵਿਆਹ ਕਰਾਉਣ ਦੀ ਗੱਲ ਕੀਤੀ ਗਈ। ਮਾਂ ਦੀ ਖ਼ੁਸ਼ੀ ਲਈ ਹੀਰਾ ਨੇ ਵੀ ਵਿਆਹ ਲਈ ਹਾਮੀ ਭਰ ਦਿੱਤੀ। ਹੀਰਾ ਦੱਸਦੀ ਹੈ ਕਿ ਹਪਸਤਾਲ ਵਿਚ ਵਿਆਹ ਦੇ ਬਾਅਦ ਉਸ ਦੀ ਵਿਦਾਈ ਰਿਕਸ਼ੇ ’ਤੇ ਹੋਈ ਸੀ।
ਇਹ ਵੀ ਪੜ੍ਹੋ : ਓਮੀਕਰੋਨ ਦੀ ਦਹਿਸ਼ਤ, ਕੈਨੇਡਾ ’ਚ ਮੁੜ ਰਿਕਾਰਡ ਪੱਧਰ ’ਤੇ ਪਹੁੰਚ ਸਕਦੇ ਹਨ ਕੋਰੋਨਾ ਦੇ ਮਾਮਲੇ
ਜਿਸ ਦਿਨ ਉਸ ਦਾ ਵਿਆਹ ਸੀ ਉਸ ਦਿਨ ਉਸ ਨੇ ਨਾ ਤਾਂ ਕੋਈ ਸ਼ਿੰਗਾਰ ਕੀਤਾ ਸੀ ਨਾ ਹੀ ਤਿਆਰ ਹੋਈ ਸੀ। ਆਪਣੀ ਜ਼ਿੰਦਗੀ ਦੇ ਸਭ ਤੋਂ ਅਹਿਮ ਦਿਨ ਲਾੜੀ ਦੇ ਰੂਪ ਵਿਚ ਤਿਆਰ ਨਾ ਹੋਣਾ ਉਸ ਲਈ ਨਿਸ਼ਾਰਾ ਵਾਂਗ ਸੀ। ਹੀਰਾ ਨੇ ਦੱਸਿਆ ਕਿ ਉਸ ਦੇ ਵਿਆਹ ਦੇ ਕੁੱਝ ਦਿਨਾਂ ਬਾਅਦ ਹੀ ਹਸਪਤਾਲ ਵਿਚ ਉਸ ਦੀ ਮਾਂ ਦੀ ਮੌਤ ਹੋ ਗਈ। ਉਥੇ ਹੀ ਵਿਆਹ ਦੇ ਬਾਅਦ ਹੀਰਾ ਜੀਸ਼ਾਨ ਦੇ 6 ਬੱਚੇ ਹੋਏ, ਜਿਨ੍ਹਾਂ ਵਿਚੋਂ 2 ਪੈਦਾ ਹੁੰਦੇ ਹੀ ਮਰ ਗਏ ਸਨ। ਇਸ ਨਾਲ ਉਹ ਡਿਪਰੈਸ਼ਨ ਵਿਚ ਚਲੀ ਗਈ ਸੀ। ਇਸ ਡਿਪਰੈਸ਼ਨ ਤੋਂ ਬਾਹਰ ਆਉਣ ਲਈ ਹੀਰਾ ਨੇ ਹਰੇਕ ਸ਼ੁੱਕਰਵਾਰ ਨੂੰ ਲਾੜੀ ਤਰ੍ਹਾਂ ਤਿਆਰ ਹੋਣ ਦਾ ਫ਼ੈਸਲਾ ਕੀਤਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।