ਬਿਨਾਂ ਮੂੰਹ ਵਾਲੇ ਬੱਚੇ ਦੇ ਜਨਮ 'ਤੇ ਗੁੱਸੇ 'ਚ ਇਹ ਦੇਸ਼

10/27/2019 4:43:50 AM

ਲਿਸਬਨ - 7 ਅਕਤੂਬਰ ਨੂੰ ਪੁਰਤਗਾਲ ਦੇ ਇਕ ਛੋਟੇ ਸ਼ਹਿਰ 'ਚ ਇਕ ਬੱਚੇ ਦਾ ਜਨਮ ਹੋਇਆ। ਬੱਚੇ ਦੀਆਂ ਨਾ ਤਾਂ ਅੱਖਾਂ ਅਤੇ ਨੱਕ ਅਤੇ ਨਾ ਹੀ ਸਿਰ ਦਾ ਇਕ ਹਿੱਸਾ ਸੀ। ਜਨਮ ਤੋਂ ਪਹਿਲਾਂ ਬੱਚੇ ਦੇ ਕਈ ਤਰ੍ਹਾਂ ਦੇ ਟੈਸਟ ਹੋਏ ਸਨ ਪਰ ਫਿਰ ਵੀ ਮਾਂ-ਬਾਪ ਨੂੰ ਬੱਚੇ ਦੀ ਇਸ ਸਰੀਰਕ ਸਥਿਤੀ ਦੇ ਬਾਰੇ 'ਚ ਨਹੀਂ ਦੱਸਿਆ ਗਿਆ ਸੀ। ਬੱਚੇ ਦੀ ਮਾਂ ਗਰਭ ਅਵਸਥਾ ਦੇ ਪੂਰੇ 9 ਮਹੀਨੇ ਡਾ. ਅਰਤੁਰ ਕਾਰਵਲਹੋ ਦੀ ਨਿਗਰਾਨੀ 'ਚ ਸੀ। ਸਾਰੇ ਟੈਸਟ ਅਤੇ ਚੈੱਕ-ਅਪ ਉਨ੍ਹਾਂ ਨੇ ਇਸੇ ਡਾਕਟਰ ਤੋਂ ਕਰਾਏ ਸਨ। ਬੱਚੇ ਦਾ ਜਨਮ ਹੋਣ ਤੋਂ ਬਾਅਦ ਡਾ. ਅਰਤੁਰ 'ਤੇ ਲਾਪਰਵਾਹੀ ਵਰਤਣ ਦਾ ਦੋਸ਼ ਲੱਗਾ। ਮੈਡੀਕਲ ਕਾਊਂਸਿਲ ਨੇ ਡਾਕਟਰ ਅਰਤੁਰ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਈ ਲੋਕਾਂ ਨੇ ਦੋਸ਼ ਲਗਾਇਆ ਕਿ ਇਸ ਡਾਕਟਰ ਨੇ ਉਨ੍ਹਾਂ ਦੇ ਕੇਸ 'ਚ ਵੀ ਲਾਪਰਵਾਹੀ ਕੀਤੀ ਸੀ।

ਡਾ. ਅਰਤੁਰ ਨੇ ਫਿਲਹਾਲ ਇਸ ਮਾਮਲੇ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ ਪਰ ਪੂਰੇ 9 ਮਹੀਨੇ ਬੱਚੇ ਦੀ ਮਾਂ ਡਾਕਟਰ ਦੀ ਦੇਖਰੇਖ 'ਚ ਸੀ। ਉਸ ਦੌਰਾਨ 3 ਵਾਰ ਅਲਟਰਾਸਾਊਂਡ ਕੀਤੀ ਗਈ। ਮਾਂ-ਬਾਪ ਦਾ ਆਖਣਾ ਹੈ ਕਿ ਡਾਕਟਰ ਨੇ ਕਦੇ ਵੀ ਬੱਚੇ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਿਰ ਨਹੀਂ ਕੀਤੀ। ਰਿਪੋਰਟ ਮੁਤਾਬਕ, ਪਰ ਜਦ ਗਰਭ ਅਵਸਥਾ ਨੂੰ 6 ਮਹੀਨੇ ਨੂੰ ਹੋ ਗਏ ਤਾਂ ਇਕ ਦੂਜੇ ਕਲੀਨਕ ਤੋਂ ਉਨ੍ਹਾਂ ਨੇ ਚੌਥੀ ਵਾਰ ਅਲਟਰਾਸਾਊਂਡ ਕਰਾਈ, ਜੋ 5ਡੀ ਅਲਟਰਾਸਾਊਂਡ ਸੀ। ਇਸ ਨਾਲ ਭਰੂਣ ਦੇ ਬਾਰੇ 'ਚ ਹੋਰ ਬਰੀਕ ਜਾਣਕਾਰੀ ਮਿਲ ਜਾਂਦੀ ਹੈ। ਟੈਸਟ ਤੋਂ ਬਾਅਦ ਕਲੀਨਕ ਦੇ ਡਾਕਟਰ ਨੇ ਆਖਿਆ ਕਿ ਉਨ੍ਹਾਂ ਨੂੰ ਕੁਝ ਆਮ ਜਿਹਾ ਨਹੀਂ ਲੱਗ ਰਿਹਾ ਅਤੇ ਇੰਝ ਜਾਪਦਾ ਹੈ ਕਿ ਭਰੂਣ ਠੀਕ ਨਾਲ ਵਿਕਸਤ ਨਹੀਂ ਹੋ ਰਿਹਾ। ਇਸ ਤੋਂ ਬਾਅਦ ਮਾਂ-ਬਾਪ ਡਾ. ਅਰਤੁਰ ਕਾਰਵਲਹੋ ਦੇ ਕੋਲ ਗਏ ਪਰ ਉਨ੍ਹਾਂ ਨੂੰ ਇਨ੍ਹਾਂ ਚਿੰਤਾਵਾਂ ਨੂੰ ਖਾਰਿਜ ਕਰ ਦਿੱਤਾ।

ਏ. ਐੱਫ. ਪੀ. ਨਾਲ ਗੱਲਬਾਤ 'ਚ ਬੱਚੇ ਦੀ ਚਾਚੀ ਨੇ ਆਖਿਆ ਕਿ ਡਾ. ਅਰਤੁਰ ਨੇ ਆਖਿਆ ਕਿ ਕਈ ਵਾਰ ਅਲਟਰਾਸਾਊਂਡ 'ਚ ਮੂੰਹ ਦੇ ਕੁਝ ਹਿੱਸੇ ਨਹੀਂ ਦਿੱਖਦੇ। ਮਸਲਨ, ਜਦ ਬੱਚੇ ਦਾ ਮੂੰਹ ਮਾਂ ਦੇ ਢਿੱਡ ਨਾਲ ਜੁੜਿਆ ਹੋਵੇ। ਜਦ ਬੱਚਾ ਪੈਦਾ ਹੋਇਆ ਅਤੇ ਪਤਾ ਲੱਗਾ ਕਿ ਉਸ ਦੇ ਚਿਹਰੇ ਅਤੇ ਸਿਰ ਦੇ ਕੁਝ ਹਿੱਸੇ ਨਹੀਂ ਹਨ ਤਾਂ ਹਸਪਤਾਲ ਵਾਲਿਆਂ ਨੇ ਮਾਂ-ਬਾਪ ਨੂੰ ਦੱਸਿਆ ਕਿ ਬੱਚਾ ਸਿਰਫ ਕੁਝ ਘੰਟਿਆਂ ਹੀ ਜਿਉਂਦਾ ਰਹਿ ਪਾਵੇਗਾ। ਹਾਲਾਂਕਿ, 2 ਹਫਤਿਆਂ ਬਾਅਦ ਵੀ ਬੱਚਾ ਹਸਪਤਾਲ 'ਚ ਜ਼ਿੰਦਗੀ ਦੀ ਲੜਾਈ ਲੜ੍ਹ ਰਿਹਾ ਹੈ। ਇਸ ਮਾਮਲੇ ਤੋਂ ਬਾਅਦ ਡਾ. ਅਰਤੁਰ ਖਿਲਾਫ ਕਈ ਦੂਜੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਹਨ। ਸਿਹਤ ਅਧਿਕਾਰੀਆਂ ਮੁਤਾਬਕ, ਫਿਲਹਾਲ ਉਨ੍ਹਾਂ ਦੇ ਖਿਲਾਫ ਘਟੋਂ-ਘੱਟ 6 ਲੋਕਾਂ ਨੇ ਸ਼ਿਕਾਇਤ ਕੀਤੀ ਹੈ। ਇਨ੍ਹਾਂ 'ਚੋਂ ਕੁਝ ਮਾਮਲੇ 2013 ਦੇ ਹਨ। ਕਈ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਇਸੇ ਡਾਕਟਰ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਪ੍ਰੈਗਨੈਂਸੀ 'ਚ ਵੀ ਪਰੇਸ਼ਾਨੀਆਂ ਆਈਆਂ ਸਨ।

2011 ਦੇ ਇਕ ਅਜਿਹੇ ਹੀ ਮਾਮਲੇ 'ਚ ਇਕ ਬੱਚੇ ਦੇ ਮੂੰਹ ਦੇ ਕਈ ਹਿੱਸੇ ਨਹੀਂ ਸਨ। ਇਸ ਬੱਚੇ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਵੀ ਡਾਕਟਰ ਖਿਲਾਫ ਅਪਰਾਧਿਕ ਮਾਮਲਾ ਦਰਜਾ ਕਰਾਇਆ ਹੈ। ਮਹਿਲਾ ਨੇ ਦੱਸਿਆ ਕਿ ਸਿਰਫ 8 ਸਾਲ ਦੀ ਉਮਰ 'ਚ ਹੁਣ ਤੱਕ ਉਨ੍ਹਾਂ ਦੇ ਪੁੱਤਰ  ਦੇ ਕਈ ਅਪਰੇਸ਼ਨ ਹੋ ਚੁੱਕੇ ਹਨ। ਇਸ ਦੇ ਬਾਵਜੂਦ ਉਹ ਹੁਣ ਤੱਕ ਚੱਲ ਅਤੇ ਬੋਲ ਨਹੀਂ ਸਕਦਾ। ਖਬਰਾਂ ਮੁਤਾਬਕ 2007 'ਤ ਇਸ ਡਾਕਟਰ 'ਤੇ ਇਕ ਹੋਰ ਅਪਰਾਧਿਕ ਮਾਮਲਾ ਦਰਜਾ ਹੋਇਆ ਸੀ, ਜਿਸ ਨੂੰ ਸੁਣਵਾਈ ਦੇ ਬਿਨਾਂ ਹੀ ਬੰਦ ਕਰ ਦਿੱਤਾ ਗਿਆ। ਇਸ ਮਾਮਲੇ 'ਚ ਬੱਚੇ ਦੇ ਜਨਮ ਦੇ ਕੁਝ ਮਹੀਨਿਆਂ ਬਾਅਦ ਹੀ ਮੌਤ ਹੋ ਗਈ ਸੀ। ਤਾਜ਼ਾ ਮਾਮਲੇ ਤੋਂ ਬਾਅਦ ਪੁਰਤਗਾਲ ਦੇ ਲੋਕਾਂ 'ਚ ਗੁੱਸਾ ਹੈ ਅਤੇ ਕਈ ਲੋਕ ਦੇਸ਼ ਦੀ ਸਿਹਤ ਪ੍ਰਣਾਲੀ 'ਤੇ ਸਵਾਲ ਚੁੱਕ ਰਹੇ ਹਨ। ਪੁਰਤਗਾਲ ਦੇ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਕ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਉਨ੍ਹਾਂ ਨੇ ਡਾ. ਅਰਤੁਰ ਕਾਰਵਲਹੋ ਨਾਲ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡਾ. ਅਰਤੁਰ ਨੇ ਇਸ ਗੱਲ 'ਤੇ ਸਹਿਮਤੀ ਦੇ ਦਿੱਤੀ ਹੈ ਕਿ ਜਾਂਚ ਜਾਰੀ ਰਹਿਣ ਤੱਕ ਉਹ ਪ੍ਰੈਕਟਿਸ ਨਹੀਂ ਕਰਨਗੇ। ਡਿਸੀਪਲੀਨਰੀ ਕਾਊਂਸਿਲ ਦੀ ਇਸ ਹਫਤੇ ਬੈਠਕ ਹੋਈ ਸੀ, ਜਿਸ 'ਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਡਾ. ਅਰਤੁਰ ਨੂੰ 6 ਮਹੀਨੇ ਲਈ ਮੁਅੱਤਲ ਕਰ ਦੇਣਾ ਚਾਹੀਦਾ। ਫੈਸਲੇ ਦਾ ਐਲਾਨ ਕਰਦੇ ਹੋਏ ਦੱਖਣੀ ਖੇਤਰ ਦੀ ਮੈਡੀਕਲ ਕਾਊਂਸਿਲ ਦੇ ਪ੍ਰਮੁੱਖ ਨੇ ਆਖਿਆ ਕਿ ਡਾਕਟਰ ਦੀ ਲਾਪਰਵਾਹੀ ਦੇ ਪੁਖਤਾ ਸਬੂਤ ਮਿਲੇ ਹਨ, ਉਨ੍ਹਾਂ 'ਤੇ ਅਨੁਸ਼ਾਸਨਾਤਮਕ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ।


Khushdeep Jassi

Content Editor

Related News