ਇਟਲੀ ''ਚ ਚੋਰਾਂ ਨੇ ਹਥਿਆਰਾਂ ਦੀ ਨੋਕ ''ਤੇ ਭਾਰਤੀ ਦੁਕਾਨਦਾਰ ਨੂੰ ਬਣਾਇਆ ਨਿਸ਼ਾਨਾ, ਪੈਸੇ ਲੁੱਟ ਕੇ ਹੋਏ ਫਰਾਰ (ਤਸਵੀਰਾਂ)
Sunday, Jan 30, 2022 - 06:52 PM (IST)
ਰੋਮ/ਇਟਲੀ (ਕੈਂਥ): ਇਟਲੀ ਵਿੱਚ ਭਾਰਤੀ ਭਾਈਚਾਰੇ ਵਲੋਂ ਸਖ਼ਤ ਮਿਹਨਤਾਂ ਕਰਕੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਗਏ ਹਨ ਪਰ ਇਨ੍ਹਾਂ ਕਾਰੋਬਾਰੀਆਂ ਨੂੰ ਵੀ ਬਾਕੀ ਭਾਈਚਾਰਿਆਂ ਦੇ ਲੋਕਾਂ ਵਾਂਗ ਲੁੱਟਾਂ-ਖੋਹਾਂ ਅਤੇ ਚੋਰੀ ਦੀ ਵਾਰਦਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਤਾਜ਼ਾ ਮਾਮਲਾ ਇਟਲੀ ਦੇ ਉੱਤਰੀ ਹਿੱਸੇ ਵਿੱਚ ਪੈਦਾ ਜ਼ਿਲ੍ਹਾ ਵੈਰੋਨਾ ਦੇ ਕਸਬਾ ਨੋਗਾਰੋਲੇ ਰੋਕਾ ਵਿਖੇ ਸਾਹਮਣੇ ਆਇਆ ਹੈ ਜਿੱਥੇ ਜਗਦੀਪ ਚੌਧਰੀ ਨਾਮ ਦੇ ਭਾਰਤੀ ਵਲੋਂ ਸਖ਼ਤ ਮਿਹਨਤਾਂ ਕਰਕੇ ਆਪਣਾਂ ਤਬਾਕੀ (ਦੁਕਾਨ) ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਹੈ ਜਿੱਥੇ ਰੋਜ਼ਾਨਾ ਗਾਹਕਾਂ ਵਲੋਂ ਸਾਮਾਨ ਅਤੇ ਮੋਬਾਈਲ ਰੀਚਾਰਜ਼ ਖ਼ਰੀਦੇ ਜਾਂਦੇ ਹਨ।
ਪਰ ਸ਼ਾਇਦ ਚੋਰਾ ਨੂੰ ਇਸ ਭਾਰਤੀ ਦੀ ਤਰੱਕੀ ਜ਼ਿਆਦਾ ਬਰਦਾਸ਼ਤ ਨਹੀਂ ਹੋਈ, ਜਿਸ ਕਰਕੇ ਚੋਰਾਂ ਵਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੜ੍ਹਦੀਕਲਾ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਜਗਦੀਪ ਚੌਧਰੀ ਨੇ ਦੱਸਿਆ ਕਿ 26 ਜਨਵਰੀ ਦਿਨ ਬੁੱਧਵਾਰ ਸ਼ਾਮ 7:30 ਵਜੇ ਜਦੋਂ ਉਹ ਦੁਕਾਨ ਨੂੰ ਬੰਦ ਕਰਨ ਲਈ ਤਿਆਰੀ ਕਰ ਰਹੇ ਸਨ ਉਸ ਸਮੇਂ ਦੁਕਾਨ ਵਿੱਚ 3 ਵਿਅਕਤੀ ਦਾਖ਼ਲ ਹੋ ਗਏ, ਜਿਨ੍ਹਾਂ ਕੋਲ ਹਥਿਆਰ, ਪਿਸਤੌਲ ਅਤੇ ਚਾਕੂ ਸਨ। ਉਨ੍ਹਾਂ ਨੇ ਮੈਨੂੰ ਕਿਹਾ ਕਿ ਜਿੰਨੇ ਵੀ ਯੂਰੋ ਕੈਸ਼ ਹਨ, ਸਾਨੂੰ ਦੇ ਦਿਓ। ਚੌਧਰੀ ਨੇ ਦੱਸਿਆ ਕਿ ਉਸ ਸਮੇਂ ਮੇਰੇ ਕੋਲ ਲਗਭਗ 7 ਤੋਂ 8 ਹਜ਼ਾਰ ਯੂਰੋ (ਲਗਭਗ 6 ਲੱਖ ਰੁਪਏ) ਸਨ। ਚੌਧਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਮੈਨੂੰ ਕਿਹਾ ਤੂੰ ਚੁੱਪ ਕਰਕੇ ਸਾਈਡ 'ਤੇ ਹੋ ਕੇ ਖੜ ਜਾ, ਨਹੀਂ ਤਾਂ ਤੈਨੂੰ ਜਾਨੋ ਮਾਰਨ ਦਿਆਂਗੇ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਵੈਕਸੀਨ ਵਿਰੋਧੀ ਟਰੱਕ ਡਰਾਈਵਰਾਂ ਨੇ ਘੇਰੀ ਪੀ.ਐੱਮ. ਰਿਹਾਇਸ਼, ਪਰਿਵਾਰ ਸਮੇਤ ਟਰੂਡੋ 'ਗੁਪਤ' ਥਾਂ ਪਹੁੰਚੇ
ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਬਚਾਅ ਲਈ ਕੋਸ਼ਿਸ਼ ਕੀਤੀ ਗਈ ਅਤੇ ਜਿਸ ਵਿੱਚ ਉਨ੍ਹਾਂ ਨੂੰ ਗੁੱਟ 'ਤੇ ਮਾਮੂਲੀ ਸੱਟ ਵੀ ਲੱਗੀ ਅਤੇ ਬਾਅਦ ਵਿੱਚ ਦਿਨ ਭਰ ਦੀ ਕਮਾਈ ਸਮੇਤ ਹੋਰ ਪੈਸੇ ਅਤੇ ਦੁਕਾਨ ਦਾ ਗੱਲਾ ਲੈਕੇ ਜਾਣ ਵਿੱਚ ਚੋਰ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਉਨ੍ਹਾਂ ਬਾਹਰ ਨਿਕਲ ਕੇ ਰੋਲਾ ਪਾਇਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਗਦੀਪ ਚੌਧਰੀ ਵਲੋਂ ਦੱਸਿਆ ਗਿਆ ਕਿ ਚੋਰਾਂ ਵਲੋਂ ਪਹਿਲਾਂ ਵੀ ਨਵੰਬਰ 2020 ਵਿੱਚ ਮੇਰੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ -ਅਹਿਮ ਖ਼ਬਰ : ਵਿੱਤੀ ਸਾਲ 2023 ਲਈ H1-B ਰਜਿਸਟ੍ਰੇਸ਼ਨ 1 ਮਾਰਚ ਤੋਂ ਸ਼ੁਰੂ
ਦੱਸਣਯੋਗ ਹੈ ਕਿ ਜਗਦੀਪ ਚੌਧਰੀ ਵਲੋਂ ਇਸ ਦੁਕਾਨ ਵਿੱਚ ਹੋਰ ਸਮਾਨ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਮਨੀ ਟਰਾਂਸਫਰ (ਵੈਸਟਰਨ ਯੂਨੀਅਨ) ਕਰਨ ਦਾ ਵੀ ਕਾਰੋਬਾਰ ਕਰਦੇ ਹਨ। ਸ਼ਾਇਦ ਇਸ ਕਰਕੇ ਚੋਰਾਂ ਨੂੰ ਪਹਿਲਾਂ ਤੋਂ ਹੀ ਭਿਣਕ ਸੀ ਕਿ ਇਸ ਭਾਰਤੀ ਕੋਲ ਯੂਰੋ (ਪੈਸੇ) ਹੁੰਦੇ ਹਨ। ਦੂਜੇ ਪਾਸੇ ਲੋਕਲ ਇਟਾਲੀਅਨ ਮੀਡੀਆ ਵਲੋਂ ਵੀ ਇਸ ਵਾਰਦਾਤ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਗਿਆ ਅਤੇ ਅਤੇ ਭਾਰਤੀ ਦੁਕਾਨਦਾਰ ਨਾਲ ਇਸ ਵਾਰਦਾਤ ਵਾਰੇ ਜਾਣਕਾਰੀ ਹਾਸਿਲ ਕੀਤੀ।
ਇਸ ਮੌਕੇ ਇਟਾਲੀਅਨ ਮੀਡੀਆ ਵਲੋਂ ਇਲਾਕੇ ਦੀ ਪੁਲਸ 'ਤੇ ਵੀ ਸਵਾਲੀਆ ਚਿੰਨ੍ਹ ਲਗਾਏ ਗਏ ਹਨ। ਚੌਧਰੀ ਵਲੋਂ ਦੱਸਿਆ ਗਿਆ ਕਿ ਪੁਲਸ ਵਲੋਂ ਚੋਰਾਂ ਨੂੰ ਜਲਦੀ ਫੜਨ ਦਾ ਭਰੋਸਾ ਦਿੱਤਾ ਗਿਆ ਹੈ। ਜਗਦੀਪ ਚੌਧਰੀ ਵਲੋਂ ਇਟਲੀ ਵਿੱਚ ਕਾਰੋਬਾਰ ਕਰ ਰਹੇ ਸਮੂਹ ਭਾਰਤੀਆਂ ਨੂੰ ਇਨ੍ਹਾਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।