ਗਾਜ਼ਾ ’ਚ ਜੰਗਬੰਦੀ ’ਤੇ ਨਹੀਂ ਬਣੀ ਸਹਿਮਤੀ, ਰੂਸ-ਚੀਨ ਨੇ UNSC ’ਚ ਅਮਰੀਕਾ ਦੇ ਮਤੇ ਨੂੰ ਕੀਤਾ ਵੀਟੋ
Thursday, Oct 26, 2023 - 10:19 AM (IST)

ਇੰਟਰਨੈਸ਼ਨਲ ਡੈਸਕ– ਗਾਜ਼ਾ ’ਚ ਇਜ਼ਰਾਈਲ ਦੀ ਬੰਬਾਰੀ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ’ਚ ਇਕ ਵਾਰ ਮੁੜ ਜੰਗਬੰਦੀ ’ਤੇ ਸਹਿਮਤੀ ਨਹੀਂ ਬਣ ਸਕੀ। ਬੁੱਧਵਾਰ ਨੂੰ ਅਮਰੀਕਾ ਤੇ ਰੂਸ ਨੇ UNSC ’ਚ ਦੋ ਵੱਖ-ਵੱਖ ਪ੍ਰਸਤਾਵ ਰੱਖੇ ਪਰ ਦੋਵਾਂ ਨੂੰ ਰੱਦ ਕਰ ਦਿੱਤਾ ਗਿਆ। ਜਿਥੇ ਅਮਰੀਕਾ ਨੇ ਰੂਸ ਦੇ ਪ੍ਰਸਤਾਵ ਦੇ ਖ਼ਿਲਾਫ਼ ਵੀਟੋ ਕੀਤਾ। ਇਸ ਦੇ ਨਾਲ ਹੀ ਚੀਨ ਤੇ ਰੂਸ ਨੇ ਵੀਟੋ ਪਾਵਰ ਦੀ ਵਰਤੋਂ ਕਰਦਿਆਂ ਅਮਰੀਕਾ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ।
ਦਰਅਸਲ ਅਮਰੀਕਾ ਨੇ ਆਪਣੇ ਮਤੇ ’ਚ ਮਨੁੱਖਤਾਵਾਦੀ ਵਿਰਾਮ ਦੀ ਮੰਗ ਕੀਤੀ ਸੀ ਪਰ ਜੰਗਬੰਦੀ ਨਹੀਂ। ਇਹ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਸੀ ਕਿ ਸੁਰੱਖਿਆ ਪ੍ਰੀਸ਼ਦ ਵਲੋਂ ਪਾਸ ਕੀਤੇ ਗਏ ਕਿਸੇ ਵੀ ਮਤੇ ’ਚ ਇਜ਼ਰਾਈਲ ਤੇ ਗਾਜ਼ਾ ’ਚ ਹਿੰਸਾ ਲਈ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਦੇ ਨਾਲ ਹੀ ਰੂਸ ਦਾ ਪ੍ਰਸਤਾਵ ਗਾਜ਼ਾ ’ਚ ਜੰਗਬੰਦੀ ’ਤੇ ਕੇਂਦਰਿਤ ਹੈ। ਅਮਰੀਕਾ, ਅਲਬਾਨੀਆ, ਫਰਾਂਸ, ਇਕਵਾਡੋਰ, ਗੈਬੋਨ, ਘਾਨਾ, ਜਾਪਾਨ, ਮਾਲਟਾ, ਸਵਿਟਜ਼ਰਲੈਂਡ ਤੇ ਬ੍ਰਿਟੇਨ ਨੇ ਅਮਰੀਕੀ ਮਤੇ ਦੇ ਹੱਕ ’ਚ ਵੋਟਿੰਗ ਕੀਤੀ। ਬ੍ਰਾਜ਼ੀਲ ਤੇ ਮੋਜ਼ਾਮਬੀਕ ਵੋਟਿੰਗ ਤੋਂ ਦੂਰ ਰਹੇ।
ਇਸ ਦੇ ਨਾਲ ਹੀ ਗਾਜ਼ਾ ’ਚ ਜੰਗਬੰਦੀ ਦੀ ਮੰਗ ਕਰਨ ਵਾਲੇ ਰੂਸ ਦੇ ਮਤੇ ਦੇ ਪੱਖ ’ਚ ਚਾਰ ਵੋਟਾਂ ਪਈਆਂ, ਜਿਨ੍ਹਾਂ ’ਚ ਰੂਸ ਤੇ ਚੀਨ ਵੀ ਸ਼ਾਮਲ ਹਨ। ਅਮਰੀਕਾ ਤੇ ਬ੍ਰਿਟੇਨ ਨੇ ਮਤੇ ਦੇ ਖ਼ਿਲਾਫ਼ ਵੋਟ ਕੀਤੀ, ਜਦਕਿ 9 ਹੋਰ ਮੈਂਬਰ ਗੈਰ-ਹਾਜ਼ਰ ਰਹੇ। ਜੇਕਰ ਰੂਸੀ ਮਤੇ ਨੂੰ ਮਨਜ਼ੂਰੀ ਦੇਣ ਲਈ ਕਾਫੀ ਵੋਟ ਮਿਲੇ ਤਾਂ ਅਮਰੀਕਾ ਇਸ ਨੂੰ ਵੀਟੋ ਕਰ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਟੋਰਾਂਟੋ ਪੁਲਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ, 60 ਮਿਲੀਅਨ ਡਾਲਰ ਮੁੱਲ ਦੀਆਂ 1000 ਤੋਂ ਵੱਧ ਵਾਹਨ ਕੀਤੇ ਬਰਾਮਦ
ਸੰਯੁਕਤ ਰਾਸ਼ਟਰ ’ਚ ਰੂਸ ਦੇ ਰਾਜਦੂਤ ਵੈਸੀਲੀ ਨੇਬੇਨਜਿਆ ਨੇ ਅਮਰੀਕਾ ’ਤੇ ਦੋਸ਼ ਲਗਾਇਆ ਹੈ ਕਿ ਉਹ ਯੂ. ਐੱਨ. ਐੱਸ. ਸੀ. ਦੇ ਫ਼ੈਸਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਗਾਜ਼ਾ ’ਤੇ ਇਜ਼ਰਾਈਲ ਦੇ ਹਮਲੇ ਦਾ ਕੋਈ ਅਸਰ ਨਾ ਪਵੇ। ਉਸ ਨੇ ਜੰਗਬੰਦੀ ਦੀ ਮੰਗ ਕਰਨ ’ਚ ਅਸਫ਼ਲ ਰਹਿਣ ਤੇ ਗਾਜ਼ਾ ’ਚ ਨਾਗਰਿਕਾਂ ’ਤੇ ਹਮਲਿਆਂ ਦੀ ਨਿੰਦਿਆ ਨੂੰ ਸ਼ਾਮਲ ਨਾ ਕਰਨ ਲਈ ਅਮਰੀਕੀ ਮਤੇ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਸਿਆਸੀ ਤੌਰ ’ਤੇ ਪ੍ਰੇਰਿਤ ਇਸ ਦਸਤਾਵੇਜ਼ ਦਾ ਸਪੱਸ਼ਟ ਮਕਸਦ ਗਾਜ਼ਾ ’ਚ ਨਾਗਰਿਕਾਂ ਨੂੰ ਬਚਾਉਣਾ ਨਹੀਂ, ਸਗੋਂ ਇਸ ਖ਼ੇਤਰ ’ਚ ਅਮਰੀਕਾ ਦੀ ਸਿਆਸੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ।
ਅਮਰੀਕਾ ਦੇ ਮਚੇ ਨੂੰ ਠੁਕਰਾਏ ਜਾਣ ਤੋਂ ਬਾਅਦ ਸੰਯੁਕਤ ਰਾਸ਼ਟਰ ’ਚ ਇਜ਼ਰਾਈਲ ਦੇ ਰਾਜਦੂਤ ਗਿਲਾਡ ਏਰਡਨ ਨੇ ਕਿਹਾ ਕਿ ਉਹ ਅਮਰੀਕਾ ਤੇ ਇਸ ਕੌਂਸਲ ਦੇ ਹੋਰ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਇਸ ਮਤੇ ਦਾ ਸਮਰਥਨ ਕੀਤਾ। ਮਤਾ ਸਪੱਸ਼ਟ ਤੌਰ ’ਤੇ ਬੇਰਹਿਮ ਅੱਤਵਾਦੀਆਂ ਦੀ ਨਿੰਦਿਆ ਕਰਦਾ ਹੈ ਤੇ ਮੈਂਬਰ ਦੇਸ਼ਾਂ ਨੂੰ ਅੱਤਵਾਦ ਵਿਰੁੱਧ ਆਪਣੀ ਰੱਖਿਆ ਕਰਨ ਦਾ ਅਧਿਕਾਰ ਦਿੰਦਾ ਹੈ। ਇਹ ਦਰਸਾਉਂਦਾ ਹੈ ਕਿ ਸੰਯੁਕਤ ਰਾਸ਼ਟਰ ਦੇ ਹਾਲ ’ਚ ਫੈਲੇ ਸਾਰੇ ਝੂਠਾਂ ਦੇ ਬਾਵਜੂਦ ਅਜੇ ਵੀ ਅਜਿਹੇ ਲੋਕ ਹਨ, ਜੋ ਆਜ਼ਾਦੀ ਤੇ ਸੁਰੱਖਿਆ ਦੀਆਂ ਕਦਰਾਂ-ਕੀਮਤਾਂ ਲਈ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਇਜ਼ਰਾਈਲ ’ਚ ਅਸੀਂ ਆਪਣੇ ਬਚਾਅ ਲਈ ਲੜ ਰਹੇ ਹਾਂ। ਜੇਕਰ ਕਿਸੇ ਵੀ ਦੇਸ਼ ’ਚ ਅਜਿਹੀ ਨਸਲਕੁਸ਼ੀ ਹੁੰਦੀ ਹੈ ਤਾਂ ਉਹ ਇਜ਼ਰਾਈਲ ਨਾਲੋਂ ਕਿਤੇ ਵਧ ਤਾਕਤ ਨਾਲ ਇਸ ਦਾ ਸਾਹਮਣਾ ਕਰੇਗਾ। ਅਜਿਹੇ ਵਹਿਸ਼ੀ ਤੇ ਅਣਮਨੁੱਖੀ ਅੱਤਿਆਚਾਰਾਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੇ ਖ਼ਿਲਾਫ਼ ਇਕ ਵੱਡੇ ਫੌਜੀ ਆਪ੍ਰੇਸ਼ਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੀ ਅੱਤਵਾਦੀ ਸਮਰੱਥਾ ਨੂੰ ਖ਼ਤਮ ਕੀਤਾ ਜਾ ਸਕੇ ਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੇ ਵਹਿਸ਼ੀ ਹਮਲੇ ਦੁਬਾਰਾ ਕਦੇ ਨਾ ਹੋਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।