ਸਾਲ 2024 ਇਟਲੀ ਦੇ ਭਾਰਤੀਆਂ ਸਮੇਤ ਸਿੱਖ ਸੰਗਤਾਂ ਲਈ ਵੀ ਰਹੇਗਾ ਯਾਦਗਾਰੀ

Monday, Dec 30, 2024 - 08:01 PM (IST)

ਸਾਲ 2024 ਇਟਲੀ ਦੇ ਭਾਰਤੀਆਂ ਸਮੇਤ ਸਿੱਖ ਸੰਗਤਾਂ ਲਈ ਵੀ ਰਹੇਗਾ ਯਾਦਗਾਰੀ

ਰੋਮ (ਦਲਵੀਰ ਕੈਂਥ) : ਸੰਨ 2024 ਜਿਸ 'ਚ ਇਟਲੀ ਦੇ ਭਾਰਤੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਜਿੱਥੇ ਬੁਲੰਦ ਕੀਤੇ ਉੱਥੇ ਇਹ ਸਾਲ ਭਾਈਚਾਰੇ ਲਈ ਕਈ ਤਰ੍ਹਾਂ ਦੀਆਂ ਕੌੜੀਆਂ ਯਾਦਾਂ ਵੀ ਦੇ ਗਿਆ ਹੈ। ਜਨਵਰੀ ਤੋਂ ਦਸੰਬਰ ਤੱਕ ਦਾ ਸਮਾਂ ਇਟਲੀ ਦੇ ਭਾਰਤੀਆਂ ਚਨੌਤੀਆਂ ਭਰਪੂਰ ਰਿਹਾ ਕਿਉਂਕਿ ਜਿੱਥੇ ਕੁਦਰਤੀ ਕਹਿਰ ਫਲੂ ਵਰਗੀਆਂ ਜਹਿਮਤਾਂ ਨੇ ਜਨਵਰੀ ਤੋਂ ਹੀ ਲੋਕਾਂ ਨੂੰ ਸਿਹਤ ਪੱਖੋ ਪ੍ਰਭਾਵਿਤ ਕੀਤਾ ਉੱਥੇ ਕੰਮਾਂ-ਕਾਰਾਂ ਕਾਰਨ ਵੀ ਇਟਾਲੀਅਨ ਮਾਲਿਕਾਂ ਨੇ ਭਾਰਤੀ ਕਾਮਿਆਂ ਨਾਲ ਕਈ ਧੱਕੇ ਕੀਤੇ ਜਿਹਨਾਂ ਵਿੱਚ ਕਰੇਮੋਨਾ ਦੇ 60 ਭਾਰਤੀ ਪੰਜਾਬੀਆਂ ਨੂੰ ਬਿਨ੍ਹਾਂ ਕੋਈ ਠੋਸ ਕਾਰਨ ਦੱਸੇ ਕੱਢਣਾ ਤੇ ਲਾਤੀਨਾ ਦੇ ਸਤਨਾਮ ਸਿੰਘ ਦੀ ਇਟਾਲੀਅਨ ਮਾਲਕ ਦੀ ਅਣਗਹਿਲੀ ਕਾਰਨ ਹੋਈ ਮੌਤ ਹੈ। 

ਇਸ ਸਾਲ ਹੀ 18 ਸਾਲਾਂ ਬਆਦ ਇਟਲੀ ਦਾ ਪਾਸਪੋਰਟ ਦੁਨੀਆਂ ਦੇ ਨੰਬਰ ਇੱਕ ਪਾਸਪੋਰਟ ਵਜੋਂ ਚਰਚਾ ਵਿੱਚ ਰਿਹਾ ਤੇ ਇਸ ਸਾਲ ਹੀ ਇਟਲੀ ਪੁਲਸ ਨੇ ਨਿਵਾਸ ਆਗਿਆ ਰਿਨਿਊ ਕਰਵਾਉਣ ਲਈ ਅਤੇ ਫਰਜ਼ੀ ਨੌਕਰੀਆਂ ਦਾ ਝਾਂਸਾ ਦੇਕੇ ਲੋਕਾਂ ਦੀ ਲੁੱਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ ਕੀਤਾ। ਬੇਸ਼ੱਕ ਯੂਰਪ ਭਰ ਦੇ ਏਅਰਪੋਰਟਾਂ ਵਿੱਚੋਂ  ਸੁੱਰਖਿਆ ਪੱਖੋਂ 7ਵੀਂ ਵਾਰ ਰੋਮ ਦਾ ਫਿਊਮੀਚੀਨੋ ਏਅਰਪੋਰਟ ਇਸ ਸਾਲ ਵੀ ਨੰਬਰ 1 ਰਿਹਾ ਪਰ ਇਟਲੀ ਦੇ ਕੁਝ ਆਟੋ ਸਕੂਲ ਵਾਲਿਆਂ ਨੇ ਯੂਰੋ ਲੈਕੇ ਲਾਇਸੰਸ ਕਰਵਾਉਣ ਦੇ ਗੋਰਖਧੰਦੇ ਦਾ ਜਦੋਂ ਇਟਲੀ ਪੁਲਸ ਨੇ ਭਾਂਡਾ ਭੰਨ ਦਿੱਤਾ ਤਾਂ ਇਟਾਲੀਅਨ ਸਮੇਤ ਉਹਨਾਂ ਭਾਰਤੀ ਤੇ ਹੋਰ ਦੇਸ਼ਾਂ ਦੇ ਲੋਕਾਂ ਦੀ ਰਾਤਾਂ ਦੀ ਨੀਂਦ ਉੱਡੀ ਰਹੀ ਜਿਹਨਾਂ ਚੋਰ ਮੋਰੀਆਂ ਦੁਆਰਾ ਡਰਾਈਵਿੰਗ ਲਾਇਸੰਸ ਕੀਤਾ ਸੀ। ਹੋਰ ਤਾਂ ਹੋਰ ਨਕਲੀ ਯੂਰੋ ਬਣਾਉਣ ਵਾਲੇ 7 ਮੈਂਬਰਾਂ ਨੂੰ ਦਬੋਚ ਕੇ ਉਹਨਾਂ ਕੋਲੋ 48 ਮਿਲੀਅਨ ਯੂਰੋ ਦੀ ਨਕਲੀ ਕਰੰਸੀ ਕਾਬੂ ਕਰਨ ਲਈ ਇਟਲੀ ਪੁਲਸ ਦੀ ਰੱਜ ਕੇ ਤਾਰੀਫ਼ ਵੀ ਹੋਈ।

PunjabKesari

ਇਟਲੀ ਪੁਲਸ ਨੇ ਇਸ ਸਾਲ ਵੀ ਆਪਣਾ ਕੰਮ ਇਮਾਨਦਾਰੀ ਨਾਲ ਕਰਦਿਆਂ ਉਹਨਾਂ ਮੇਅਰਾਂ ਤੇ ਹੋਰ ਸਰਕਾਰੀ ਅਫ਼ਸਰਾਂ ਨੂੰ ਵੀ ਨਹੀਂ ਬਖ਼ਸਿਆ ਜਿਹਨਾਂ ਦਾ ਸੰਬਧ ਮਾਫ਼ੀਏ ਨਾਲ ਸੀ ਤੇ ਰੱਜ ਕੇ ਭ੍ਰਿਸ਼ਟ ਸਨ ਲਾਸੀਓ ਸੂਬੇ ਦੇ ਅਜਿਹੇ 25 ਲੋਕਾਂ ਦੇ ਚਿਹਰਿਆਂ ਤੋਂ ਨਾਕਾਬ ਲਾਹ ਉਹਨਾਂ ਨੂੰ ਆਵਾਮ ਵਿੱਚ  ਨੰਗਾ ਕੀਤਾ। 33 ਅਜਿਹੇ ਭਾਰਤੀ ਗੁਲਾਮ ਕਾਮਿਆਂ ਨੂੰ ਵੀ ਪੁਲਸ ਨੇ ਵੈਨੇਤੋ ਸੂਬੇ ਦੇ ਸ਼ਹਿਰ ਕੋਲੋਨੀਆ(ਵਿਰੋਨਾ)ਤੋਂ ਆਜ਼ਾਦ ਕਰਵਾਇਆ ਜਿਹਨਾਂ ਨੂੰ ਗੁਲਾਮ ਕਰਨ ਵਾਲੇ ਭਾਰਤੀ ਖੇਤੀ ਫਾਰਮਾਂ ਦੇ ਭਾਰਤੀ ਮੂਲ ਦੇ ਮਾਲਕ ਸਨ।ਕੁਦਰਤੀ ਕਹਿਰ ਦੀ ਗੱਲ ਕਰੀਏ ਤਾਂ ਸਤੰਬਰ ਅਕਤੂਬਰ ਆਏ ਹੜ੍ਹਾਂ ਨੇ ਇਟਲੀ ਦੇ ਸਭ ਤੋਂ ਅਮੀਰ ਸੂਬੇ ਇਮਿਲੀਆ ਰੋਮਾਨਾ ਦਾ ਪਿਛਲੇ ਸਾਲ ਵਾਂਗਰ ਰੱਜ ਕੇ ਲੱਖਾਂ ਯੂਰੋ ਦਾ ਮਾਲੀ ਨੁਕਸਾਨ ਕੀਤਾ ਪਰ ਜਾਨੀ ਨੁਕਸਾਨ ਘੱਟ ਹੋਇਆ। ਦੇਸ਼ ਭਰ ਵਿੱਚ ਹੋਏ ਵੱਖ-ਵੱਖ ਸੜਕ ਹਾਦਸਿਆਂ ਵਿੱਚ 2920 ਮੌਤਾਂ ਹੋਈਆਂ ਜਿਹਨਾਂ ਵਿੱਚ ਕਈ ਭਾਰਤੀ ਲੋਕ ਵੀ ਸ਼ਾਮਲ ਹਨ। ਇਟਲੀ ਦੇ ਭਾਰਤੀ ਭਾਈਚਾਰੇ ਨੂੰ ਇਸ ਸਾਲ ਜਿਸ ਘਟਨਾ ਨੇ ਸਭ ਤੋਂ ਵੱਧ ਤੋੜਿਆ ਉਹ ਸਤਨਾਮ ਸਿੰਘ ਦੀ ਇਟਾਲੀਅਨ ਮਾਲਕ ਦੀ ਲਾਪ੍ਰਵਾਹੀ ਕਾਰਨ ਦਰਦਨਾਕ ਮੌਤ ਸੀ ਜਿਸ ਦਾ ਦਰਦ ਸਾਰੀ ਦੁਨੀਆਂ ਨੇ ਢਿੱਡੋਂ ਮੰਨਿਆ। ਇਟਲੀ ਦੀਆਂ ਤਮਾਮ ਮਜ਼ਦੂਰ ਜੱਥੇਬੰਦੀਆਂ ਨੇ ਮਰਹੂਮ ਸਤਨਾਮ ਸਿੰਘ ਨੂੰ ਇਨਸਾਫ਼ ਦੁਆਉਣ ਲਈ ਇੱਟ ਨਾਲ ਇੱਟ ਖੜਕਾਉਂਦਿਆ ਹਜ਼ਾਰਾਂ ਲੋਕਾਂ ਨੇ ਲਾਤੀਨਾ ਸ਼ਹਿਰ ਦੀਆਂ ਸੜਕਾਂ ਉੱਪਰ ਉੱਤਰਕੇ ਰੋਸ ਮੁਜ਼ਾਹਰੇ ਕੀਤੇ ਪਰ ਅਫ਼ਸੋਸ ਬਆਦ ਵਿੱਚ ਇਹ ਸੰਘਰਸ਼ ਸਿਆਸਤ ਦਾ ਸ਼ਿਕਾਰ ਹੋ ਗਿਆ।

ਇਹ ਸਾਲ ਇਟਲੀ ਦੇ ਸਿੱਖ ਭਾਈਚਾਰੇ ਲਈ ਕੌੜੀਆਂ ਯਾਦਾਂ ਵਾਲੇ ਸਾਲ ਵਜੋਂ ਯਾਦ ਕੀਤਾ ਜਾਂਦਾ ਰਹੇਗਾ ਕਿਉਂਕਿ ਇਸ ਸਾਲ ਜਿੱਥੇ ਕੁਝ ਗੁਰਦੁਆਰਾ ਪ੍ਰਬੰਧਕਾਂ ਤੇ ਸੰਗਤਾਂ ਵਿੱਚ ਵਿਚਾਰਾਂ ਦੀ ਤਕਰਾਰ ਹੁੰਦੀ ਰਹੀ ਉੱਥੇ ਇਹ ਸਾਲ ਸਿੱਖ ਸੰਗਤਾਂ ਨੂੰ ਸਦਾ ਯਾਦ ਰਹੇਗਾ ਜਿਸ ਵਿੱਚ ਇਟਲੀ ਦੇ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਵੋਟਾਂ ਦੁਆਰਾ ਚੁਣਿਆ ਗਿਆ ਹੋਵੇ। ਪਹਿਲਾਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਸੀਆਨੋ ਦੀ  ਪੋਰਦੀਨੋਨੇ ਦਾ ਕਮੇਟੀ ਬਦਲਣ ਨੂੰ ਲੈਕੇ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਸੀ ਲੈ ਰਿਹਾ ਗੁਰਦੁਆਰਾ ਚਾਰ ਸਾਹਿਬਜ਼ਾਦੇ ਲੋਧੀ ਵਿੱਚ ਵੀ ਸੰਗਤ ਤੇ ਪ੍ਰਬੰਧਕ ਤਕਰਾਰ ਵਿੱਚ ਆ ਗਏ ਇਸ ਤੋਂ ਬਆਦ ਗੁਰਦੁਆਰਾ ਸਾਹਿਬ ਬਾਬਾ ਲੱਖੀ ਸ਼ਾਹ ਵਣਜਾਰਾ ਪੋਂਤੇ ਦੀ ਕਰੋਨੇ ਅਲਾਂਦਸੀਆ ਦੀ ਪ੍ਰਬੰਧਕ ਕਮੇਟੀ ਬਦਲਣ ਦੀ ਸੰਗਤ ਵੱਲੋਂ ਉੱਠੀ ਮੰਗ ਨੇ ਜ਼ੋਰ ਫੜ੍ਹ ਲਿਆ ਜਿਹੜਾ ਕਿ ਹੁਣ ਤੱਕ ਚੱਲ ਰਿਹਾ ਹੈ।ਸਿੱਖ ਸੰਗਤ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਬਦਲਣ ਲਈ ਗੁਰਦੁਆਰਾ ਸਾਹਿਬ ਦੇ ਬਾਹਰ ਪੋਹ ਮਹੀਨੇ ਦੀ ਅੱਤ ਦੀ ਠੰਡ ਵਿੱਚ ਮੋਰਚਾ ਲਾ ਬੈਠੀਆਂ ਹਨ ਜਿਹਨਾਂ ਕਿ ਲੱਗਦਾ ਨਹੀਂ ਇਸ ਸਾਲ ਖਤਮ ਹੋ ਜਾਵੇ। 

PunjabKesari

ਇਟਲੀ ਦੇ ਸਿੱਖ ਸਮਾਜ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀਆਂ ਨੂੰ ਲੈਕੇ ਹੋ ਰਹੇ ਤਕਰਾਰ ਤੇ ਫਿਰ ਆਪਸ ਵਿੱਚ ਝੜਪ ਸਮੁੱਚੇ ਸਿੱਖ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਨਜਿੱਠਣ ਲਈ ਇਟਲੀ ਦੇ ਸਿੱਖ ਆਗੂਆਂ ਨੂੰ ਸਿਆਣਪ ਦਿਖਾਉਂਦਿਆਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ ਜੇਕਰ ਇਹ ਮੋਰਚੇ ਇੱਦਾਂ ਹੀ ਕਮੇਟੀਆਂ ਬਦਲਣ ਲਈ ਲਗਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸਰਬਸੰਮਤੀ ਨਾਲ ਨਹੀਂ ਸਗੋਂ ਸੰਗਤਾਂ ਵੋਟਾਂ ਨਾਲ ਚੁਣਿਆ ਕਰੇਗੀ। ਇਸ ਸਾਲ ਵੀ ਸਿੱਖ ਸੰਗਤਾਂ ਦਾ ਸੁਪਨਾ ਸਿੱਖ ਧਰਮ ਦਾ ਰਜਿਸਟਰਡ ਹੋਣਾ ਨਹੀਂ ਕਰ ਸਕੇ ਸਿੱਖ ਆਗੂ ਪੂਰਾ ਪਿਛਲੇ ਸਾਲਾਂ ਵਾਂਗਰ ਇਸ ਸਾਲ ਵੀ ਸਿੱਖ ਆਗੂਆਂ ਸੰਗਤਾਂ ਦਾ ਮਿੱਠੀਆਂ ਗੋਲੀਆ ਦੇ ਡੰਗ ਟਪਾਇਆ ਜਿਸ ਕਾਰਨ ਸੰਗਤਾਂ ਵਿੱਚ ਨਿਰਾਸ਼ਾ ਵੀ ਦੇਖੀ ਗਈ। ਧਰਮ ਰਜਿਸਟਰ ਕਰਵਾਉਣ ਲਈ ਸਿੱਖ ਸੰਗਤਾਂ ਦਾ ਸਿੱਖ ਆਗੂ ਲੱਖਾਂ ਯੂਰੋ ਦਾ ਦਸੌਂਧ ਹੁਣ ਤੱਕ ਪਾਣੀ ਵਾਂਗ ਵਹਾਉਂਦੇ ਆ ਰਹੇ ਹਨ ਪਰ ਕਾਰਵਾਈ ਨੂੰ ਬੂਰ ਪੈਂਦਾ ਦੂਰ ਦੂਰ ਤੱਕ ਦਿਖਾਈ ਨਹੀਂ ਦਿੰਦਾ। ਵਾਹਿਗੁਰੂ ਕਰੇ ਇਹ ਨਵਾਂ ਸਾਲ ਸਮੁੱਚੀ ਕਾਇਨਾਤ ਲਈ ਅਧਿਆਤਮਕ ਖੁਸ਼ੀਆਂ ਖੇੜੇ ਲੈਕੇ ਆਵੇ ਤੇ ਗੁਰੂ ਦਾ ਸਿੱਖ,ਪੰਥ, ਤੇ ਧਰਮ ਇਟਲੀ ਵਿੱਚ ਹੋਰ ਧਰਮਾਂ ਦੇ ਲੋਕਾਂ ਲਈ ਮਿਸਾਲੀ ਬਣਕੇ ਮਨੁੱਖਤਾ ਦੇ ਭਲੇ ਦੇ ਕਾਰਜਾਂ ਵਿੱਚ ਮੋਹਰੀ ਹੋ ਖੜ੍ਹੇ ਨਾਂਕਿ ਚੌਧਰ ਪਿੱਛੇ ਸਿੱਖ ਮਰਿਆਦਾ ਦੀ ਧੱਜੀਆਂ ਉਡਾਉਂਦਾ ਜਗਤ ਤਮਾਸ਼ਾ ਬਣੇ।


author

Baljit Singh

Content Editor

Related News