ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਮੈਂਬਰਸ਼ਿਪ ਦਾ ਕੰਮ ਜਾਰੀ
Saturday, Aug 26, 2017 - 04:36 AM (IST)
ਲੰਡਨ (ਰਾਜਵੀਰ ਸਮਰਾ)— ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਮੈਂਬਰਸ਼ਿਪ ਦਾ ਕੰਮ ਚੱਲ ਰਿਹਾ ਹੈ, ਮੈਂਬਰਸ਼ਿਪ ਲਈ ਆਖਰੀ ਮਿਤੀ 29 ਅਗਸਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੋਟਾਂ ਬਣਾਉਣ ਦਾ ਕੰਮ ਬਹੁਤ ਹੀ ਸੁਸਤ ਚੱਲ ਰਿਹਾ ਹੈ। ਸਭਾ ਦੀਆਂ ਚੋਣਾ ਹਮੇਸ਼ਾਂ ਹੀ ਵਿਵਾਦ 'ਚ ਰਹੀਆਂ ਹਨ। ਦੂਜੇ ਪਾਸੇ ਯੂਰਪੀਅਨ ਦੇਸ਼ਾਂ ਤੋਂ ਆਏ ਸਿੱਖਾਂ ਦੀਆਂ ਵੋਟਾਂ ਬਣਾਉਣ ਦਾ ਵਿਵਾਦ ਵੀ ਅਜੇ ਸੁਲਝਿਆ ਨਹੀਂ ਹੈ। ਜਦ ਕਿ ਇਸ ਮਾਮਲੇ 'ਚ ਚੋਣ ਕਮੇਟੀ ਦੋਫਾੜ ਹੈ, ਮੌਜੂਦਾ ਕਾਬਜ਼ ਕਮੇਟੀ ਦੇ ਸਮਰਥਕਾਂ ਵੱਲੋਂ ਯੂਰੋਪ ਦੇਸ਼ਾਂ ਤੋਂ ਆ ਕੇ ਯੂ.ਕੇ. 'ਚ ਵਸੇ ਲੋਕਾਂ ਦੇ ਹੱਕ 'ਚ ਆਵਾਜ਼ ਚੁੱਕ ਰਹੇ ਹਨ ਅਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਯੂਰਪੀਅਨ ਸਿੱਖਾਂ ਨੂੰ ਮੈਂਬਰ ਬਣਾਇਆ ਜਾਵੇ ਅਤੇ ਵੋਟ ਬਣਾਉਣ ਦਾ ਹੱਕ ਦਿੱਤਾ ਜਾਵੇ।
ਜਦ ਕਿ ਵਿਰੋਧੀ ਧਿਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਧਾਨ ਅਨੁਸਾਰ ਹੀ ਉਨ੍ਹਾਂ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਮਿਲਣਾ ਚਾਹੀਦਾ ਹੈ ਜੋ ਪੱਕੇ ਤੌਰ 'ਤੇ ਹੀ ਯੂ.ਕੇ. ਦੇ ਵਸਨੀਕ ਹੋਣ। ਜ਼ਿਕਰਯੋਗ ਹੈ ਕਿ ਹੁਣ ਤੱਕ ਸਿਰਫ 4500 ਦੇ ਕਰੀਬ ਹੀ ਨਵੀਆਂ ਵੋਟਾਂ ਬਣੀਆਂ ਹਨ। ਇਸ ਵਾਰ ਹੁਣ ਤੱਕ ਤਿੰਨ ਧੜ੍ਹੇ, ਸ਼ੇਰ ਗਰੁੱਪ ਵੱਲੋਂ ਗੁਰਮੇਲ ਸਿੰਘ ਮੱਲ੍ਹੀ, ਬਾਜ਼ ਗਰੁੱਪ ਵੱਲੋਂ ਹਿੰਮਤ ਸਿੰਘ ਸੋਹੀ ਅਤੇ ਤੇਰਾ ਪੰਥ ਵੱਸੇ ਦੇ ਆਗੂ ਰਣਦੀਪ ਸਿੰਘ ਦੀ ਅਗਵਾਈ 'ਚ ਸਰਗਰਮ ਹਨ।
